ਪੱਤਰ ਪ੍ਰੇਰਕ
ਰਾਜਪੁਰਾ, 20 ਜੁਲਾਈ
ਇਥੋਂ ਨੇੜਲੇ ਪਿੰਡ ਨਲਾਸ ਖੁਰਦ ਦੀ ਪੰਚਾਇਤ ’ਤੇ ਅਦਾਲਤੀ ਰੋਕ ਦੇ ਬਾਵਜੂਦ ਫੰਡ ਵਰਤਣ ਦਾ ਦੋਸ਼ ਲੱਗਿਆ ਹੈ। ਪਿੰਡ ਵਾਸੀ ਰਣਜੀਤ ਸਿੰਘ ਸੈਣੀ, ਸਵਰਨ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਅਤੇ ਸਰਬਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਐੱਸਡੀਐੱਮ ਰਾਜਪੁਰਾ ਸੰਜੀਵ ਕੁਮਾਰ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਨਿਪਟਾਰੇ ਲਈ ਅੱਜ ਦੋਵੇਂ ਧਿਰਾਂ ਨੂੰ ਐੱਸਡੀਐੱਮ ਦਫਤਰ ਵਿੱਚ ਮੀਟਿੰਗ ਹੋਈ। ਇਸ ਵਿੱਚ ਐੱਸਡੀਐੱਮ ਸੰਜੀਵ ਕੁਮਾਰ, ਬੀਡੀਪੀਓ ਅਮਨਦੀਪ ਕੌਰ ਖੰਗੂੜਾ, ਪਿੰਡ ਵਾਸੀਆਂ ਵੱਲੋਂ ਰਣਜੀਤ ਸਿੰਘ ਸੈਣੀ, ਸਵਰਨ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ ਅਤੇ ਪੰਚਾਇਤ ਸਕੱਤਰ ਰਜਿੰਦਰ ਬਾਂਸਲ ਸ਼ਾਮਲ ਹੋਏ। ਮੀਟਿੰਗ ਦੌਰਾਨ ਪਿੰਡ ਵਾਸੀਆਂ ਵੱਲੋਂ ਜਿਹੜੇ ਸੱਤ ਮੁੱਦਿਆਂ ਦੀ ਜਾਣਕਾਰੀ ਮੰਗੀ ਗਈ, ਇਨ੍ਹਾਂ ਵਿੱਚੋਂ ਕਾਰਵਾਈ ਰਜਿਸਟਰ, ਮਸਟਰੋਲ ਰਜਿਸਟਰ ਅਤੇ ਬੈਂਕ ਅਕਾਊਂਟ ਦੇ ਸਟੇਟਮੈਂਟ ਦੀਆਂ ਤਸਦੀਕਸ਼ੁਦਾ ਕਾਪੀਆਂ ਤਿੰਨ ਦਿਨਾਂ ਦਾ ਵਾਅਦਾ ਕੀਤਾ ਗਿਆ ਹੈ। ਜਦੋਂ ਕਿ ਬਾਕੀ ਦੇ ਚਾਰ ਮੁੱਦਿਆ ਦਾ ਜਵਾਬ 29 ਜੁਲਾਈ ਤੱਕ ਦੇਣ ਦੀ ਗੱਲ ਆਖੀ ਗਈ ਹੈ। ਮੀਟਿੰਗ ਤੋਂ ਬਾਅਦ ਪਿੰਡ ਵਾਸੀਆਂ ਨੇ ਦੱਸਿਆ ਕਿ ਜੇ ਉਨ੍ਹਾਂ ਨੂੰ 30 ਜੁਲਾਈ ਤੱਕ ਕੀਤੀ ਗਈ ਸ਼ਿਕਾਇਤ ਦੇ ਨਿਪਟਾਰੇ ਦਾ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ।