ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਜਨਵਰੀ
ਪਿੰਡ ਨਿਆਲ ਵਿੱਚ ਰਹਿੰਦੇ ਇਕ ਵਿਅਕਤੀ ਨੂੰ ਬੰਦੀ ਬਣਾ ਕੇ ਫਿਰੌਤੀ ਮੰਗਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਵਿਅਕਤੀ ਬਿਹਾਰ ਦਾ ਮੂਲ ਵਾਸੀ ਹੈ। ਲੱਛਮੀ ਦੇਵੀ ਮੂਲ ਵਾਸੀ ਬਿਹਾਰ ਹਾਲ ਵਾਸੀ ਪਿੰਡ ਨਿਆਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਤੀ ਸ਼ਿਆਮ ਸ਼ਰਮਾ ਨੂੰ ਐਤਵਾਰ ਦੀ ਰਾਤ ਨੂੰ ਅੰਗਦ ਕੁਮਾਰ ਜੋ ਉਸ ਦੇ ਨਾਲ ਹੀ ਕੰਮ ਕਰਦਾ ਸੀ ਨੇ ਫੋਨ ਕਰਕੇ ਕਿਧਰੇ ਬੁਲਾਇਆ ਤੇ ਮਗਰੋਂ ਉਸ ਨੂੰ ਅਗਵਾ ਕਰ ਲਿਆ। ਉਪਰੰਤ ਅਗੰਦ ਕੁਮਾਰ ਨੇ ਸ਼ਿਆਮ ਸ਼ਰਮਾ ਦੀ ਉਸਦੇ ਜੇਠ ਨਾਲ ਗੱਲ ਕਰਵਾਈ। ਉਸ ਦੇ ਜੇਠ ਨੇ ਉਸ ਨੂੰ ਦੱਸਿਆ ਕਿ ਅੰਗਦ ਤੇ ਉਸ ਦੇ ਸਾਥੀ ਉਸ ਦੇ ਪਤੀ ਨੂੰ ਅਗਵਾ ਕਰਕੇ ਲੈ ਗਏ ਹਨ ਤੇ ਉਸ ਦੀ ਕੁੱਟਮਾਰ ਕਰ ਰਹੇ ਹਨ । ਉਸਨੇ ਦੱਸਿਆ ਕਿ ਅੰਗਦ ਉਸ ਦੇ ਪਤੀ ਨੂੰ ਛੱਡਣ ਬਦਲੇ ਪੈਸ ਮੰਗ ਰਿਹਾ ਹੈ। ਉਸਨੇ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਇਕ ਬੈਂਕ ਅਕਾਊਂਟ ਦਾ ਨੰਬਰ ਭੇਜ ਕੇ ਪੈਸੇ ਉਸ ਵਿੱਚ ਪਾਉਣ ਲਈ ਕਿਹਾ। ਇਸ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਮੁਖੀ ਪਾਤੜਾਂ ਸੁਰਜਨ ਸਿੰਘ ਨੇ ਕਿਹਾ ਕਿ ਲੱਛਮੀ ਦੇਵੀ ਦੇ ਬਿਆਨਾਂ ’ਤੇ ਅੰਗਦ ਕੁਮਾਰ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਗਈ ਹੈ।