ਗੁਰਨਾਮ ਅਕੀਦਾ
ਪਟਿਆਲਾ, 11 ਅਗਸਤ
ਪਟਿਆਲਾ ਹਾਈਟਸ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਅੱਜ ਇੱਥੇ ਭਰਵਾਂ ਸਵਾਗਤ ਤੇ ਸਨਮਾਨ ਕੀਤਾ। ਇੱੱਥੇ ਪਟਿਆਲਾ ਹਾਈਟਸ ਅਪਾਰਟਮੈਂਟਸ ’ਚ ਆਪਣੇ ਗ੍ਰਹਿ ਪਹੁੰਚਣ ’ਤੇ ਲੋਕਾਂ ਨੇ ਗੇਟ ’ਤੇ ਇਕੱਠੇ ਹੋ ਕੇ ਗੁਲਦਸਤੇ, ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕਰਦਿਆਂ ਹਾਰ ਪਾ ਕੇ ਅਤੇ ਸੁਸਾਇਟੀ ਵਿੱਚ ਮਠਿਆਈ ਵੰਡ ਕੇ ਹਰਮਨਪ੍ਰੀਤ ਦਾ ਸਵਾਗਤ ਕੀਤਾ।
ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰਾਮ ਤੀਰਥ ਵਰਮਾ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਸ੍ਰੀਮਤੀ ਸਤਵਿੰਦਰ ਕੌਰ ਅਤੇ ਹਰਮੰਦਰ ਸਿੰਘ ਭੁੱਲਰ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਇਤਿਹਾਸਕ ਪਲ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਦੇਸ਼ ਲਈ ਇੱਕ ਰੋਲ ਮਾਡਲ ਬਣ ਗਈ ਹੈ ਅਤੇ ਉਹ ਨੌਜਵਾਨਾਂ ਲਈ, ਖ਼ਾਸ ਕਰਕੇ ਲੜਕੀਆਂ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਇੱਕ ਪ੍ਰੇਰਨਾ ਸਰੋਤ ਹੈ।
ਦੱਸਣਯੋਗ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਭਾਰਤੀ ਟੀਮ ਨੂੰ ਮਹਿਲਾ ਟੀ-20 ਮੁਕਾਬਲੇ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰਨ ਕਾਰਨ ਚਾਂਦੀ ਤਗ਼ਮਾ ਮਿਲਿਆ ਹੈ।