ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਨਵੰਬਰ
ਸਾਹਿਤ ਸਭਾ ਸੁਨਾਮ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤਕਾਰਾਂ ਦੀ ਇਕੱਤਰਤਾ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ।
ਮਾਸਟਰ ਦਲਬਾਰ ਸਿੰਘ ਅਤੇ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਈ ਇਕੱਤਰਤਾ ਵਿਚ ਸਾਹਿਤਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਬਾਰੇ ਵਿਚਾਰ ਰੱਖੇ। ਜੰਗੀਰ ਸਿੰਘ ਰਤਨ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮੌਕੇ ਦੇ ਹਾਕਮ ਬਾਬਰ ਵੱਲੋਂ ਕੀਤੇ ਜਾ ਰਹੇ ਮਨੁੱਖ ਵਿਰੋਧੀ ਕੰਮਾਂ ਲਈ ਉਸ ਨੂੰ ਵਰਜਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਦਾ ਹਾਕਮ ਮੋਦੀ ਵੀ ਮਨੁੱਖ ਵਿਰੋਧੀ ਨੀਤੀਆਂ ਬਣਾ ਕੇ ਮਨੁੱਖਤਾ ਦਾ ਘਾਣ ਕਰਨ ’ਤੇ ਆਇਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਲੇਖਕਾਂ ਨੂੰ ਹੱਕ ਸੱਚ ਉੱਤੇ ਪਹਿਰਾ ਦੇਣ ਦਾ ਇਨਕਲਾਬੀ ਸੰਦੇਸ਼ ਦਿੱਤਾ ਹੈ।
ਅੱਜ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਰਚਨਾਵਾਂ ਰਾਹੀਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਵਰਜਿਆ ਜਾਵੇ।
ਇਕੱਤਰਤਾ ਦੌਰਾਨ ਡਾ. ਅਮਰੀਕ ਅਮਨ, ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਗਾਇਕ ਭੋਲਾ ਸਿੰਘ ਸੰਗਰਾਮੀ, ਚਮਕੌਰ ਸਿੰਘ, ਸਤਿਗੁਰ ਸੁਨਾਮੀ, ਹਰਮੇਲ ਸਿੰਘ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਅਤੇ ਗੁਰਮੀਤ ਸੁਨਾਮੀ ਨੇ ਵੀ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਪਰਮਜੀਤ ਕੌਰ ਸੰਗਰਾਮਣ, ਮਮਤਾ ਰਾਣੀ ਅਤੇ ਹਨੀ ਸਿੰਘ ਵੀ ਹਾਜ਼ਰ ਸਨ।