ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਪਰੈਲ
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਪਟਿਆਲਾ ਸਥਿਤ ਗਊਸ਼ਾਲਾ ਰੋਡ ’ਤੇ ਸਥਿਤ ਗਊਸ਼ਾਲਾ ’ਚ ਖਾਮੀਆਂ ਸਬੰਧੀ ਸੋਸ਼ਲ ਮੀਡੀਆ ’ਤੇ ਨਸ਼ਰ ਕੁਝ ਰਿਪੋਰਟਾਂ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਇੱਥੇ ਜ਼ਖ਼ਮੀ ਤੇ ਬਿਮਾਰ ਗਊਵੰਸ਼ ਸਮੇਤ ਇੱਥੇ ਸੇਵਾ ਸੰਭਾਲ ਦੀ ਕਮੀ ਦਾ ਪਤਾ ਲਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਡਿਪਟੀ ਡਾਇਰੈਕਟਰ ਨੂੰ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਚਿਨ ਸ਼ਰਮਾ ਨੇ ਇਸ ਗਊਸ਼ਾਲਾ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਵਾਲੇ ਵਿਅਕਤੀ ਦਾ ਧੰਨਵਾਦ ਕਰਦਿਆਂ ਅੱਜ ਇੱਥੇ ਕਿਹਾ ਕਿ ਗਰਮੀਆਂ ਦੀ ਰੁੱਤ ਕਰਕੇ ਗਊਵੰਸ਼ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਨਸਾਨਾਂ ਦੀ ਤਰ੍ਹਾਂ ਹੀ ਬੇਜ਼ੁਬਾਨ ਗਊਵੰਸ਼ ਨੂੰ ਵੀ ਚਾਰੇ ਸਮੇਤ ਪੀਣ ਵਾਲੇ ਸਾਫ਼ ਪਾਣੀ, ਦਵਾਈਆਂ, ਸਾਫ਼-ਸੁਥਰਾ ਤੇ ਚੰਗਾ ਵਾਤਾਵਰਣ ਤੇ ਹੋਰ ਮੁਢਲੀਆਂ ਸਹੂਲਤਾਂ ਦੀ ਲੋੜ ਹੁੰਦੀ ਹੈ, ਇਸ ਲਈ ਗਊਸ਼ਾਲਾਵਾਂ ਚਲਾਉਣ ਵਾਲੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਗਊਵੰਸ਼ ਦੀ ਚੰਗੀ ਸੇਵਾ ਸੰਭਾਲ ਕਰਨ। ਚੇਅਰਮੈਨ ਸ਼ਰਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਟਿਆਲਾ ਦੀ ਗਊਸ਼ਾਲਾ ਰੋਡ ’ਤੇ ਸਥਿਤ ਗਊਸ਼ਾਲਾ ਵਿੱਚ ਬਿਮਾਰ ਤੇ ਜ਼ਖ਼ਮੀ ਗਊਵੰਸ਼ ਦਾ ਤੁਰੰਤ ਇਲਾਜ ਕਰਵਾਉਣ ਅਤੇ ਇਸ ਦੀ ਰਿਪੋਰਟ ਕਮਿਸ਼ਨ ਨੂੰ ਪੁੱਜਦੀ ਕਰਨ। ਇਸ ਦੌਰਾਨ ਵੈਟਰਨਰੀ ਅਫ਼ਸਰ ਪਟਿਆਲਾ ਡਾ. ਹਰਮੀਤ ਕੌਰ, ਵੀ.ਆਈ. ਵਿਸ਼ਾਲ ਕੁਮਾਰ ਤੇ ਚਮਕੌਰ ਸਿੰਘ ਨੇ ਗਊਸ਼ਾਲਾ ਜਾ ਕੇ ਜ਼ਖ਼ਮੀ ਤੇ ਬਿਮਾਰ ਗਊਵੰਸ਼ ਦਾ ਇਲਾਜ ਸ਼ੁੁਰੂ ਕੀਤਾ ਹੈ।