ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 21 ਦਸੰਬਰ
ਸੱਚਖੰਡ ਵਾਸੀ ਸੰਤ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 20ਵੀਂ ਬਰਸੀ ਨੂੰ ਸਮਰਪਿਤ ਅੱਜ ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ। ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਦੀ ਯੋਗ ਅਗਵਾਈ ’ਚ 15 ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਦੂਸਰੀ ਲੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅਰਦਾਸ ਉਪਰੰਤ ਆਰੰਭ ਹੋਈ। ਇਸ ਮੌਕੇ ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਦੱਸਿਆ ਕਿ ਧੰਨ ਮਾਤਾ ਗੁਜਰੀ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਚੇਤਨਾ ਮਾਰਚ ਅੱਜ 22 ਦਸੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਸਵੇਰੇ 1000 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਨਗਰ ਕੀਰਤਨ ਆਰੰਭ ਹੋਵੇਗਾ।
ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭਤਾ ਮੌਕੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ, ਸੰਤ ਅਮਰਜੀਤ ਸਿੰਘ ਸਲਾਹਪੁਰ ਵਾਲੇ, ਅਮਰਜੀਤ ਸਿੰਘ ਸੰਧੂ ਯੂ ਕੇ, ਤਨਵੀਰ ਕੌਰ ਯੂਕੇ, ਮਲਕੀਤ ਸਿੰਘ ਖੰਨਾ, ਗੁਰਮੀਤ ਸਿੰਘ ਬਿੱਟੂ ਸਲੇਮਪੁਰ ਸਾਬਕਾ ਸਰਪੰਚ, ਗੁਰਮੁੱਖ ਸਿੰਘ ਸਲਾਹਪੁਰੀ, ਪਰਮਜੀਤ ਸਿੰਘ ਇੰਸਪੈਕਟਰ, ਸੁਰਜੀਤ ਸਿੰਘ ਗੋਰੀਆ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਸਾਂਝੀ ਕੀਤੀ। ਉਨਾਂ ਦੱਸਿਆ ਕਿ ਨਗਰ ਕੀਰਤਨ ਸਵੇਰੇ 1000 ਵਜੇ ਵੱਖ ਵੱਖ ਮੇਨ ਬਜ਼ਾਰ ’ਚੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਕੰਬਲੀ ਵਾਲਾ ਵਿੱਚ ਸਮਾਪਤ ਹੋਵੇਗਾ। ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਮਹਾਨ ਸੰਤ ਸਮਾਗਮ ਸੰਤ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ’ਚ 23 ਦਸੰਬਰ ਨੂੰ ਗੁਰਦੁਆਰਾ ਸੰਤ ਕੰਬਲੀ ਵਾਲਾ ਪਟਿਆਲਾ ਵਿੱਚ ਕਰਵਾਇਆ ਜਾ ਰਿਹਾ ਹੈ।