ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਰੋਟਰੀ ਭਵਨ ਵਿੱਚ ਲੋਕ ਸਹਿਤ ਸੰਗਮ ਦੀ ਮਾਸਿਕ ਸਾਹਿਤਕ ਇਕੱਤਰਤਾ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਅਮਨ ਦੀ ਅਗਵਾਈ ਹੇਠ ਹੋਈ। ਬੈਠਕ ਵਿਚ ਕਵਿੱਤਰੀ ਸੁਰਿੰਦਰ ਕੌਰ ਬਾੜਾ ਨੇ ਸ਼ਿਰਕਤ ਕੀਤੀ। ਸੁਰਿੰਦਰ ਸੋਹਣਾ ਨੇ ਸਟੇਜ ਦੀ ਭੂਮਿਕਾ ਨਿਭਾਈ। ਸਭਾ ਦਾ ਆਗਾਜ਼ ਡਾ. ਅਮਨ ਨੇ ਕੀਤਾ। ਇਸ ਮੌਕੇ ਕਰਮ ਸਿੰਘ ਹਕੀਰ ਨੇ ਲੋਕ ਗਾਥਾ ‘ਮਾਂ ਨੇ ਝਿੜਕੀ ਪਿਓ ਨੇ ਘੂਰੀ ,ਇੱਥੇ ਨਹੀਂ ਚੱਲਦੀ ਧੀਆਂ ਦੀ ਮਨਮਰਜ਼ੀ ‘ ਸੁਣਾ ਕੇ ਰੰਗ ਬੰਨ੍ਹਿਆ। ਗ਼ਜ਼ਲਗੋ ਅਵਤਾਰ ਪੁਆਰ, ਡਾ. ਅਮਨ, ਗੁਰਵਿੰਦਰ ਆਜ਼ਾਦ, ਅੰਗਰੇਜ਼ ਕਲੇਰ, ਦਲਜੀਤ ਸਿੰਘ ਸ਼ਾਂਤ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਗੁਰਵਿੰਦਰ ਪਾਲ ਸਿੰਘ, ਬਲਦੇਵ ਸਿੰਘ ਖੁਰਾਣਾ ਨੇ ਸ਼ੇਅਰ ਸੁਣਾ ਕੇ ਵਾਹ ਵਾਹ ਖੱਟੀ। ਸ਼ਰਤ ਚੰਦਰ ਭਾਵੁਕ ਨੇ ਹਿੰਦੀ ਕਵਿਤਾ ,ਸੁਰਿੰਦਰ ਸਿੰਘ ਸੋਹਣਾ ਰਾਜੇ ਮਾਜਰੀਆਂ ਨੇ ਬੁਲੰਦ ਅਵਾਜ਼ ਵਿਚ ਆਪਣਾ ਚਰਚਿਤ ਗੀਤ ਸੁਣਾ ਕੇ ਸਮਾਂ ਬੰਨ੍ਹ ਦਿੱਤਾ। ਸੁਰਿੰਦਰ ਕੌਰ ਬਾੜਾ ਦੀ ਸੁਰੀਲੀ ਆਵਾਜ਼ ਨੇ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿੱਤਾ।