ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਅਗਸਤ
ਪਟਿਆਲਾ ਨਜ਼ਦੀਕ ਮਹਿੰਗੇ ਭਾਅ ਦੀ ਜੰਗਲਾਤ ਜ਼ਮੀਨ ’ਤੇ ਕਲੋਨਾਈਜ਼ਰਾਂ ਨੇ ਕਥਿਤ ਤੌਰ ’ਤੇ ਕਬਜ਼ਾ ਕਰ ਲਿਆ ਹੈ ਪਰ ਜੰਗਲਾਤ ਵਿਭਾਗ ਸੁੱਤਾ ਹੀ ਰਹਿ ਗਿਆ। ਵਿਭਾਗ ਕੋਲ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਅਜੇ ਤੱਕ ਵੀ ਉਸ ਥਾਂ ਕੋਲ ਜਾ ਕੇ ਜੰਗਲਾਤ ਅਧਿਕਾਰੀਆਂ ਨੇ ਮੌਕਾ ਨਹੀਂ ਦੇਖਿਆ। ਇਸ ਸਬੰਧੀ ਜਦੋਂ ਡੀਐੱਫਓ ਵਿੱਦਿਆ ਸਾਗਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟਾ ਕੇ ਰੇਂਜ ਅਫ਼ਸਰ ਦੀ ਡਿਊਟੀ ਲਗਾਉਣ ਦੀ ਗੱਲ ਆਖੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਵਿਕਾਸ ਨਗਰ ਤੋਂ ਚੀਮਾ ਚੌਕ ਤੋਂ ਬਾਰਨ ਪਿੰਡ ਵੱਲ ਜਾਂਦੀ ਛੋਟੀ ਨਹਿਰ (ਸੁਆ) ਅੱਜ ਕੱਲ੍ਹ ਬੰਦ ਹੈ ਪਰ ਇਸ ਦੇ ਆਲੇ-ਦੁਆਲੇ ਜੰਗਲਾਤ ਵਿਭਾਗ ਦੇ ਰੁੱਖ ਲੱਗੇ ਹੋਏ ਹਨ। ਬਾਰਨ ਪਿੰਡ ਦੀ ਹੱਦ ਵਿੱਚ ਸੂਏ ਦੇ ਕੋਲ ਆੜ੍ਹਤੀ ਨੇ ਇਕ ਕਲੋਨੀ ਕੱਟੀ ਹੈ। ਉਸ ਨੇ ਕਿਹਾ ਹੈ ਕਿ ਉਹ ਇਹ ਕਲੋਨੀ ਸਰਕਾਰੀ ਤੌਰ ’ਤੇ ਨਿਸ਼ਾਨਦੇਹੀ ਕਰਵਾ ਕੇ ਹੀ ਕੱਟ ਰਿਹਾ ਹੈ। ਉਨ੍ਹਾਂ ਇਹ ਸਵੀਕਾਰ ਕੀਤਾ ਕਿ ਨਿਸ਼ਾਨਦੇਹੀ ਮੌਕੇ ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਮੌਜੂਦ ਨਹੀਂ ਸੀ ਪਰ ਪਿੰਡ ਦੀ ਪੰਚਾਇਤ ਮੌਜੂਦ ਸੀ। ਉਹ ਅੱਜ ਵੀ ਨਿਸ਼ਾਨਦੇਹੀ ਕਰਾਉਣ ਲਈ ਤਿਆਰ ਹੈ। ਨਵੀਂ ਕੱਟੀ ਜਾ ਰਹੀ ਕਲੋਨੀ ਦੇ ਗੁਆਂਢੀ ਜ਼ਿਮੀਂਦਾਰਾਂ ਦਾ ਕਹਿਣਾ ਹੈ ਕਿ ਇੱਥੇ ਇਕ ਪੱਥਰ ਦੀ ਪੱਕੀ ਬੁਰਜੀ ਹੁੰਦੀ ਸੀ ਜੋ ਹੁਣ ਨਜ਼ਰ ਨਹੀਂ ਆਉਂਦੀ। ਨਿਸ਼ਾਨਦੇਹੀ ਵਿੱਚ ਇਸ ਆੜ੍ਹਤੀ ਦੀ ਜ਼ਮੀਨ ਪੂਰੀ ਕੀਤੀ ਗਈ ਹੈ ਜਿਸ ਕਰਕੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਵੀ ਕਥਿਤ ਕਬਜ਼ਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਇਸ ਨਿਸ਼ਾਨਦੇਹੀ ਦਾ ਹੋਰ ਵੀ ਕਈ ਜ਼ਿਮੀਂਦਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪੜਤਾਲ ਦੀ ਮੰਗ ਕਰਦਾ ਹੈ ਜਿਸ ਮਗਰੋਂ ਅਸਲੀਅਤ ਸਾਹਮਣੇ ਆਏਗੀ।
ਰੇਂਜ ਅਫ਼ਸਰ ਨੂੰ ਭੇਜ ਕੇ ਪੜਤਾਲ ਕਰਵਾਈ ਜਾਵੇਗੀ: ਡੀਐੱਫਓ
ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਵਿਕਰਮ ਨੇ ਕਿਹਾ ਕਿ ਇਸ ਬਾਰੇ ਸ਼ਿਕਾਇਤਾਂ ਆਈਆਂ ਸਨ ਪਰ ਅਧਿਕਾਰੀ ਅਜੇ ਮੌਕੇ ’ਤੇ ਨਹੀਂ ਜਾ ਸਕੇ। ਇਸ ਬਾਰੇ ਡੀਐੱਫਓ ਵਿੱਦਿਆ ਸਾਗਰੀ ਨੇ ਕਿਹਾ ਹੈ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕੋਈ ਨਿਸ਼ਾਨਦੇਹੀ ਕਰਦਾ ਹੈ ਤਾਂ ਰੈਵੀਨਿਊ ਵਿਭਾਗ ਸਾਨੂੰ ਬੁਲਾਉਂਦਾ ਹੈ, ਪਰ ਸਾਨੂੰ ਨਹੀਂ ਬੁਲਾਇਆ ਗਿਆ। ਹੁਣ ਉਹ ਨਿੱਜੀ ਤੌਰ ’ਤੇ ਰੇਂਜ ਅਫ਼ਸਰ ਤੋਂ ਪੜਤਾਲ ਕਰਵਾ ਕੇ ਅਗਲੇਰੀ ਕਾਰਵਾਈ ਕਰਨਗੇ।