ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਸ਼ਿਵ ਸੈਨਾ ਪੰਜਾਬ ਦੇ 13ਵੇਂ ਸਥਾਪਨਾ ਦਿਵਸ ਮੌਕੇ ਪੁਰਾਣਾ ਬੱਸ ਅੱਡੇ ਵਿੱਚ ਸ਼ਿਵ ਸੈਨਾ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਸੰਜੀਵ ਰਾਜਪੁਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸੀਨੀਅਰ ਨੇਤਾ ਬਬਲਾ ਚੋਪੜਾ, ਪੰਜਾਬ ਉਪ ਪ੍ਰਧਾਨ ਰਜੀਵ ਬੱਬਰ, ਸੂਬਾ ਉਪ ਪ੍ਰਧਾਨ ਸੋਨੂੰ ਪੰਪ ਵਾਲ਼ੇ ਸਮਾਣਾ, ਲਵਨ ਸ਼ਰਮਾ ਸੂਬਾ ਸਲਾਹਕਾਰ, ਮੀਡੀਆ ਸਲਾਹਕਾਰ ਪਰਵਿੰਦ ਅਰੋੜਾ, ਲੀਗਲ ਅਡਵਾਈਜ਼ਰ ਮੁਦਿੱਤ ਭਾਰਦਵਾਜ ਤੇ ਜਨਰਲ ਸਕੱਤਰ ਕਰਨ ਤਾਜ ਆਦਿ ਸ਼ਾਮਲ ਸਨ। ਇਸ ਮੌਕੇ ਸਾਰਿਆਂ ਨੇ ਸਰਬਸੰਮਤੀ ਨਾਲ ਸ਼ਿਵ ਸੈਨਾ ਪੰਜਾਬ ਨੂੰ ਛੱਡਣ ਦਾ ਐਲਾਨ ਕੀਤਾ। ਉਕਤ ਅਹੁਦੇਦਾਰਾਂ ਤੋਂ ਇਲਾਵਾ ਗੁਰਿੰਦਰ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਹਰਵਿੰਦਰ ਹਨੀ ਜ਼ਿਲ੍ਹਾ ਉਪ ਪ੍ਰਧਾਨ ਸਣੇ ਸਮੁੱਚੀ ਟੀਮ ਨੇ ਸਮੂਹਿਕ ਰੂਪ ਵਿਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਸ੍ਰੀ ਘਨੌਲੀ ਨੇ ਕਿਹਾ ਕਿ ਉਨ੍ਹਾਂ ਨੇ ਰਾਜੀਵ ਬੱਬਰ ਅਤੇ ਸੰਦੀਪ ਸੋਨੂੰ ਪੰਪ ਵਾਲ਼ੇ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਬਾਕੀਆਂ ਦੇ ਅਸਤੀਫੇ ਬਾਰੇ ਵਿਚ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।