ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 4 ਜੁਲਾਈ
ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸਿੰਜਾਈ ਵਿਭਾਗ ਪੰਜਾਬ ਦੀ ਵਾਟਰ ਰੀਸੋਰਸਜ਼ ਇਨਵੈਸਟੀਗੇਸ਼ਨ ਡਿਵੀਜ਼ਨ ਵੱਲੋਂ ਨਹਿਰੀ ਆਰਾਮ ਘਰ ਦੇਵੀਗੜ੍ਹ ਵਿੱਚ ਨਾਬਾਰਡ ਤੋਂ ਕਰੋੜਾਂ ਦਾ ਕਰਜ਼ਾ ਲੈ ਕੇ ਸ਼ੁਰੂ ਕੀਤਾ ਗਿਆ ਆਰਟੀਫਿਸਲ ਰਿਸੋਰਸਜ਼ ਸਟਰੱਕਚਰ ਨਾਂ ਪ੍ਰਾਜੈਕਟ ਸੱਤ ਸਾਲਾਂ ਬਾਅਦ ਵੀ ਚਾਲੂ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰੀ ਆਰਾਮ ਘਰ ਦੇਵੀਗੜ੍ਹ ਦੀ ਕਰੀਬ ਚਾਰ-ਪੰਜ ਏਕੜ ਜ਼ਮੀਨ ਵਿੱਚ ਨਹਿਰੀ ਵਿਭਾਗ ਦੀ ਆਰਟੀਫਿਸ਼ਲ ਰਿਸੋਰਸਜ਼ ਇਨਵੈਸਟੀਗੇਸ਼ਨ ਡਿਵੀਜ਼ਨ ਵੱਲੋਂ ਇਥੇ ਸੂਚਨਾ ਬੋਰਡ ’ਤੇ ਲਿਖੇ ਅਨੁਸਾਰ 9.14 ਕਰੋੜ ਰੁਪਏ ਖਰਚ ਕੇ 7-8 ਖੂਹ ਬਣਾਏ ਗਏ ਸਨ, ਜਿਨ੍ਹਾਂ ਵਿੱਚ ਡੂੰਘੇ-ਡੂੰਘੇ ਬੋਰ ਕੀਤੇ ਗਏ ਤਾਂ ਕਿ ਵਾਧੂ ਨਹਿਰੀ ਪਾਣੀ ਨੂੰ ਇਨ੍ਹਾਂ ਰਾਹੀਂ ਧਰਤੀ ਹੇਠ ਭੇਜ ਕੇ ਪਾਣੀ ਦਾ ਪੱਧਰ ਉੱਪਰ ਚੁੱਕਿਆ ਜਾ ਸਕੇ। ਸਬੰਧਤ ਵਿਭਾਗ ਨੇ ਇਹ ਕੰਮ ਠੇਕੇਦਾਰ ਰਾਹੀਂ ਸੱਤ ਜੁਲਾਈ, 2014 ਨੂੰ ਸ਼ੁਰੂ ਕੀਤਾ ਗਿਆ ਸੀ, ਜੋ 23 ਮਾਰਚ 2015 ਨੂੰ ਮੁਕੰਮਲ ਹੋ ਗਿਆ ਸੀ ਪਰ ਇਹ ਪ੍ਰਾਜੈਕਟ ਕੁਝ ਸਮਾਂ ਚੱਲਣ ਤੋਂ ਬਾਅਦ ਬੰਦ ਹੋ ਗਿਆ।
ਇਹ ਵੀ ਪਤਾ ਲੱਗਿਆ ਹੈ ਕਿ ਰਿਚਾਰਜਿੰਗ ਖੂਹ ਨੂੰ ਸੂਏ ਵਿੱਚੋਂ ਜਾਂਦੀ ਇੱਕ ਪਾਣੀ ਦੀ ਪਾਈਪ ਟੁੱਟੀ ਹੋਈ ਹੈ, ਜਿਸ ਕਰਕੇ ਖੂਹਾਂ ਵਿੱਚ ਪਾਣੀ ਨਹੀਂ ਜਾ ਰਿਹਾ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਜਲਦੀ ਕਰਵਾਂਗੇ ਮੁਰੰਮਤ: ਐਕਸੀਅਨ
ਵਿਭਾਗ ਦੇ ਐਕਸੀਅਨ ਐਚਪੀ ਸਿੰਘ ਨੇ ਦੱਸਿਆ ਕਿ ਦੇਵੀਗੜ੍ਹ ਅਤੇ ਮਾੜੂ ਨਹਿਰੀ ਰੈਸਟ ਹਾਊਸਾਂ ਵਿੱਚ ਬਣੇ ਰੀਚਾਜਿੰਗ ਖੂਹਾਂ ਬਾਰੇ ਵਿਭਾਗ ਦੇ ਕਰਮਚਾਰੀਆਂ ਦੀ ਰਿਪੋਰਟ ਅਨੁਸਾਰ ਖੂਹ ਚੱਲ ਰਹੇ ਹਨ ਪਰ ਫਿਰ ਵੀ ਜੇਕਰ ਕਿਸੇ ਮੁਰੰਮਤ ਦੀ ਵਜ੍ਹਾ ਕਰਕੇ ਇਹ ਖੂਹ ਚੱਲ ਨਹੀਂ ਰਹੇ ਤਾਂ ਐਸਟੀਮੇਟ ਬਣਵਾ ਕੇ ਉਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਜਲਦੀ ਚਾਲੂ ਕਰਵਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਰੀਚਾਰਜਿੰਗ ਪ੍ਰਾਜੈਕਟ ਦੇ ਚੱਲਣ ਨਾਲ ਇਲਾਕੇ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਸਕਦਾ ਹੈ।