ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
ਨਗਰ ਨਿਗਮ ਦੇ 25 ਸਾਲ ਪੂਰੇ ਹੋਣ ਅਤੇ ਇੰਡੀਅਨ ਸਵੱਛਤਾ ਲੀਗ-2022 ਤਹਿਤ ਵੱਖ-ਵੱਖ ਸਕੂਲਾਂ ਦੇ ਪੰਜ ਸੌ ਬੱਚਿਆਂ ਨੇ ਅੱਜ ਇਥੇ ਸਵੇਰ ਸਪੀਡ ਵਾਕ ਰਾਹੀਂ ਸ਼ਹਿਰ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ। ਇੰਡੀਅਨ ਸਵੱਛਤਾ ਲੀਗ ਤਹਿਤ 17 ਤੋਂ 2 ਅਕਤੂਬਰ ਤੱਕ ਮੁਕਾਬਲੇ ਕਰਵਾਏ ਜਾਣੇ ਹਨ। ਇਸ ਦੌਰਾਨ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਦੀ ਪ੍ਰਧਾਨਗੀ ਹੇਠਾਂ ਸਪੀਡ ਵਾਕ, ਰੰਗੋਲੀ, ਪੇਂਟਿੰਗ, ਬੂਟੇ ਲਗਾਉਣ, ਕੂੜੇ ਤੋਂ ਫਲੈਕਸ ਬਣਾਉਣ, ਪੁਰਾਣੇ ਟਾਇਰਾਂ ਤੋਂ ਬਣੇ ਸੋਫੇ, ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੌਦੇ ਲਗਾਉਣਾ, ਡਰਾਮਾ, ਭੰਡ, ਹਸਤਾਖਰ ਮੁਹਿੰਮ, ਸੈਲਫੀ ਸਟੈਂਡ ਆਦਿ ਪ੍ਰੋਗ੍ਰਾਮ ਕਰਵਾਏ ਗਏ। ਪ੍ਰੋਗਰਾਮਾਂ ਰਾਹੀਂ ਨਾਗਰਿਕਾਂ ਨੂੰ ਸਫਾਈ ਦਾ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਏ.ਡੀ.ਸੀ ਗੁਰਪ੍ਰੀਤ ਥਿੰਦ ਨੇ ਸਪੀਡ ਵਾਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਬੱਚਿਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਲਈ ਸਹੁੰ ਚੁਕਾਈ। ਜੀਵਨਜੋਤ ਕੌਰ ਨੇ ਕਿਹਾ ਕਿ ਪਟਿਆਲਾ ਨੂੰ ਪੰਜਾਬ ਦਾ ਨੰਬਰ-1 ਸ਼ਹਿਰ ਬਣਾਉਣ ’ਚ ਨਿਗਮ ਤੋਂ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।