ਖੇਤਰੀ ਪ੍ਰਤੀਨਿਧ
ਪਟਿਆਲਾ,12 ਸਤੰਬਰ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਸਬ ਕਮੇਟੀ ਸਿੱਖਿਆ ਵਿਭਾਗ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਰਾਮ ਪ੍ਰਸਾਦ ਸਹੋਤਾ ਨੇ ਕੀਤੀ। ਮੀਟਿੰਗ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਅਤੇ ਪ੍ਰਾਇਮਰੀ ਪਟਿਆਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਮੰਗ ਪੱਤਰ ਦਿੱਤੇ ਗਏ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਦਸ ਸਾਲ ਦੀ ਸਰਵਿਸ ਪੂਰੀ ਕਰਨ ਵਾਲੇ ਪਾਰਟ-ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਲਗਾਤਾਰ ਛੇ ਮਹੀਨਿਆਂ ਤੋਂ ਜਦ ਤੋਂ ਆਪ ਦੀ ਸਰਕਾਰ ਆਈ ਹੈ, ਪਾਰਟ ਟਾਈਮ ਕਾਮਿਆਂ ਨੂੰ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਤਨਖ਼ਾਹਾਂ ਦਿੱਤੀਆਂ ਜਾਣ।
ਇਸ ਮੌਕੇ ਚਿਤਾਵਨੀ ਦਿੰਦਿਆਂ, ਰਾਮ ਪ੍ਰਸਾਦ ਸਹੋਤਾ ਨੇ ਕਿਹਾ ਕਿ ਪਹਿਲਾਂ ਵੀ ਕਰਮਚਾਰੀਆਂ ਦੇ ਰੈਗੂਲਾਈਜ਼ ਅਤੇ ਤਨਖਾਹਾਂ ਬਾਰੇ ਕਈ ਪੱਤਰ ਲਿਖ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਕਿਸਮ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ। ਰਾਮ ਪ੍ਰਸਾਦ ਸਹੋਤਾ ਨੇ ਕਿਹਾ ਕਿ ਜੇ ਹਫ਼ਤੇ ਦੇ ਅੰਦਰ ਤਨਖਾਹਾਂ ਨਾ ਦਿੱਤੀਆਂ ਗਈਆਂ, ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਅਫ਼ਸਰਾਂ ਦੇ ਘਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।