ਸੁਭਾਸ਼ ਚੰਦਰ
ਸਮਾਣਾ, 29 ਜਨਵਰੀ
ਪ੍ਰਾਈਵੇਟ ਟਰਾਂਸਪੋਟਰਾਂ ਵੱਲੋਂ ਬਾਹਰੀ ਟਰੱਕਾਂ ਰਾਹੀਂ ਫੈਕਟਰੀਆਂ ਤੋਂ ਮਾਲ ਭਰਨ ਨੂੰ ਲੈ ਕੇ ਭੜਕੇ ਟਰੱਕ ਯੂਨੀਅਨ ਸਮਾਣਾ ਦੇ ਆਗੂਆਂ ਤੇ ਮੈਂਬਰਾਂ ਦਾ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਆਪਸੀ ਹੱਥੋਪਾਈ ’ਚ ਇਕ ਬਜ਼ੁਰਗ ਨਾਲ ਕੁੱਟਮਾਰ ਦੌਰਾਨ ਉਸ ਦੀ ਪੱਗੜੀ ਉੱਤਰ ਜਾਣ ’ਤੇ ਬਵਾਲ ਖੜ੍ਹਾ ਹੋ ਗਿਆ। ਜਿਸ ਮਗਰੋਂ ਯੂਨੀਅਨ ਮੈਂਬਰਾਂ, ਡਰਾਈਵਰਾਂ ਤੇ ਕੰਡਕਟਰਾਂ ਨੇ ਇਕੱਠੇ ਹੋ ਕੇ ਟਰਾਂਸਪੋਰਟਰਾਂ ਦੇ ਦਫ਼ਤਰ ਅੱਗੇ ਸਮਾਣਾ-ਪਾਤੜਾਂ ਮੁੱਖ ਸੜਕ ’ਤੇ ਧਰਨਾ ਦੇ ਕੇ ਰਸਤਾ ਜਾਮ ਕਰ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਟਰਾਂਸਪੋਰਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਿਟੀ ਪੁਲੀਸ ਮੁਖੀ ਸਬ ਇੰਸਪੈਕਟਰ ਸੁਰਿੰਦਰ ਭੱਲਾ ਨੇ ਪੁਲੀਸ ਪਾਰਟੀ ਸਣੇ ਪਹੁੰਚ ਕੇ ਹੋਰ ਝਗੜਨ ਤੋਂ ਬਚਾਇਆ। ਟਰੱਕ ਯੂਨੀਅਨ ਆਗੂਆਂ ਜਸਦੀਪ ਸਿੰਘ, ਗੁਰਬਚਨ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਨੂੰ ਬਹਾਲ ਕਰ ਦਿੱਤਾ ਸੀ। ਇਸੇ ਕਾਰਨ ਉਹ ਟਰਾਂਸਪੋਰਟਰਾਂ ਨੂੰ ਯੂਨੀਅਨ ਰਾਹੀਂ ਮਾਲ ਭਰਨ ਲਈ ਸਮਝਾਉਣ ਗਏ ਸੀ ਕਿ ਟਰਾਂਸਪੋਰਟਰ ਉਨ੍ਹਾਂ ਨਾਲ ਉਲਝ ਗਏ। ਇਸ ਦੌਰਾਨ ਫੈਕਟਰੀ ’ਚੋਂ ਪਾਈਪ ਨਾਲ ਭਰੇ ਤਿੰਨ ਟਰੱਕ ਟਰਾਂਸਪੋਰਟਰਾਂ ਕੋਲ ਪਹੁੰਚਣ ’ਤੇ ਯੂਨੀਅਨ ਮੈਂਬਰ ਹੋਰ ਭੜਕ ਗਏ ਜਿਸ ਕਾਰਨ ਟਰਾਂਸਪੋਰਟਰ ਵੀ ਬਾਹਰ ਆ ਗਏ ਤੇ ਉਨ੍ਹਾਂ ਵਿੱਚ ਝਗੜਾ ਹੋ ਗਿਆ। ਕਲਕੱਤਾ ਟ੍ਰਾਂਸਪੋਰਟ ਦੇ ਮਾਲਕ ਸੋਨੂੰ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਯੂਨੀਅਨ ਆਗੂ ਸਾਡੇ ਨਾਲ ਗੁੰਡਾਗਰਦੀ ਕਰ ਰਹੇ ਹਨ। ਇਨ੍ਹਾਂ ਨੇ ਇਕੱਠੇ ਹੋ ਕੇ ਉਸਦੇ ਦਫ਼ਤਰ ’ਤੇ ਹਮਲਾ ਕੀਤਾ ਹੈ।
ਸਿਟੀ ਪੁਲੀਸ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਮਾਲ ਨਾਲ ਭਰੇ ਤਿੰਨੇ ਟਰੱਕ ਕਬਜ਼ੇ ’ਚ ਲੈ ਕੇ ਜਾਮ ਖੁੱਲ੍ਹਵਾਇਆ।