ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਜੂਨ
ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਹੋਈ ਸਿੰਡੀਕੇਟ ਦੀ ਮੀਟਿੰਗ ਦਾ ਵਿਰੋਧ ਕਰ ਰਹੇ ਗੈਸਟ ਫੈਕਲਟੀ ਕਾਂਸਟੀਚੁਐਂਟ ਕਾਲਜਾਂ/ਨੇਬਰਹੁੱਡ ਕੈਂਪਸ ਯੂਨੀਅਨ ਦੀ ਪੁਲੀਸ ਨਾਲ ਮਾਮੂਲੀ ਧੱਕਾ-ਮੁੱਕੀ ਹੋਈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਗੁਰਸੇਵਕ ਸਿੰਘ ਨੇ ਕਿਹਾ ਕਿ ਗੈਸਟ ਫੈਕਲਟੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਗੈੱਸਟ ਫੈਕਲਟੀ ਅਧਿਆਪਕ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਅਧਿਆਪਕ ਮਾਰੂ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਮੰਗਾਂ ਮਸਲੇ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਿਹਾ।
ਜ਼ਿਕਰਯੋਗ ਹੈ ਕਿ ਗੈਸਟ ਫੈਕਲਟੀ ਕਾਂਸਟੀਚੂਐਂਟ ਕਾਲਜਾਂ/ਨੇਬਰਹੁੱਡ ਕੈਂਪਸ ਯੂਨੀਅਨ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਤੋਂ ਸਾਲ ਵਿੱਚ 12 ਮਹੀਨੇ ਕੰਮ ਕਰਾਇਆ ਜਾਵੇ ਅਤੇ 12 ਮਹੀਨੇ ਦੀ ਹੀ ਤਨਖ਼ਾਹ ਦਿੱਤੀ ਜਾਵੇ, ਹੁਣ ਇਨ੍ਹਾਂ ਨੂੰ 8 ਮਹੀਨੇ ਦੀ ਤਨਖ਼ਾਹ ਦੇ ਕੇ 12 ਮਹੀਨੇ ਕੰਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਅਧਿਆਪਕਾਂ ਤੋਂ ਅਧਿਆਪਨ ਦੇ ਨਾਲ ਨਾਲ ਨਾਨ ਟੀਚਿੰਗ ਦੇ ਕੰਮ ਵੀ ਲਏ ਜਾ ਰਹੇ ਹਨ। ਇਨ੍ਹਾਂ ਨੂੰ ਪ੍ਰਤੀ ਲੈਕਚਰ 525 ਰੁਪਏ ਮਿਲਦਾ ਹੈ, ਜਿਸ ਤਹਿਤ ਇਨ੍ਹਾਂ ਦੇ 58 ਲੈਕਚਰ ਲਾ ਕੇ 30 ਹਜ਼ਾਰ ਰੁਪਏ ਬਣ ਜਾਂਦੇ ਹਨ, ਪਰ ਇਹ ਅਧਿਆਪਕ 80-90 ਲੈਕਚਰ ਲਗਾ ਰਹੇ ਹਨ, ਇਸ ਕਰਕੇ ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਬਣਦੀ ਤਨਖ਼ਾਹ ਦਿੱਤੀ ਜਾਵੇ। ਗੈੱਸਟ ਫੈਕਲਟੀ ਅਧਿਆਪਕਾਂ ਦੇ ਇਸ ਸੰਘਰਸ਼ ਨੂੰ ਦਬਾਉਣ ਲਈ ਹੁਣ ਤਾਂ ਪ੍ਰਸ਼ਾਸਨ ਨੇ ਮਹਿਲਾ ਅਧਿਆਪਕਾਂ ਦੇ ਬਾਥਰੂਮ ਨੂੰ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਘਟੀਆ ਹੱਥਕੰਡੇ ਅਪਣਾ ਰਿਹਾ ਹੈ।
ਪ੍ਰੋ. ਸਤਮੀਤ ਕੌਰ ਨੇ ਭਾਰਤੀ ਸੰਵਿਧਾਨ ਦੇ ਅਨੁਛੇਦ 21 ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਧੱਕੇਸ਼ਾਹੀ ਮਨੁੱਖ ਦੇ ‘ਜਿਉਣ ਦੇ ਅਧਿਕਾਰ’ ਦੇ ਵੀ ਵਿਰੁੱਧ ਹੈ। ਗੈੱਸਟ ਫੈਕਲਟੀ ਅਧਿਆਪਕਾਂ ਵੱਲੋਂ ਸੰਘਰਸ਼ ਤੇਜ਼ ਕਰਦਿਆਂ ਧਰਨਾ ਰਾਤ ਨੂੰ ਵੀ ਜਾਰੀ ਰੱਖਿਆ ਗਿਆ। ਇਸੇ ਤਰ੍ਹਾਂ ਅੱਜ ਯੂਨੀਵਰਸਿਟੀ ਵਿੱਚ ਸਿੰਡੀਕੇਟ ਦੀ ਮੀਟਿੰਗ ਜਿਸ ਦਾ ਸਥਾਨ ਬਦਲ ਕੇ ਗੈੱਸਟ ਹਾਊਸ ਕਰ ਦਿੱਤਾ ਗਿਆ ਸੀ ਪਰ ਸੰਘਰਸ਼ਸ਼ੀਲ ਅਧਿਆਪਕਾਂ ਵੱਲੋਂ ਗੈੱਸਟ ਹਾਊਸ ਦਾ ਘਿਰਾਓ ਕਰਕੇ ਲਗਾਤਾਰ ਵਰ੍ਹਦੇ ਮੀਂਹ ਵਿੱਚ ਪ੍ਰਦਰਸ਼ਨ ਕੀਤਾ ਗਿਆ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਟੂਡੈਂਟਸ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ ਅਤੇ ਇਸ ਧਰਨੇ ਦੀ ਹਮਾਇਤ ਕਰਨ ਦਾ ਪੂਰਾ ਭਰੋਸਾ ਦਿੱਤਾ। ਇਸ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਮਨਦੀਪ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਰਸ਼ਪਿੰਦਰ ਜਿੰਮੀ, ਡੀ.ਐੱਸ.ਓ. ਵੱਲੋਂ ਬਿਕਰਮ ਬਾਗ਼ੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਰਿੰਦਰ ਖੁਰਾਨਾ ਅਤੇ ਕਿਸਾਨ ਜਥੇਬੰਦੀਆਂ ਵਿੱਚੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਮਿੰਦਰ ਸਿੰਘ ਪਟਿਆਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਜਗਪਾਲ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।