ਪੱਤਰ ਪ੍ਰੇਰਕ
ਸਮਾਣਾ, 22 ਅਗਸਤ
ਨਗਰ ਕੌਂਸਲ ਦਫ਼ਤਰ ਚੌਕ ਵਿੱਚ ਕਈ ਦਹਾਕਿਆਂ ਤੋਂ ਖੜ੍ਹਦੇ ਮਜ਼ਦੂਰਾਂ ਤੇ ਦੁਕਾਨਦਾਰਾਂ ਵਿੱਚ ਪਾਣੀ ਦੇ ਪਏ ਛਿੱਟਿਆਂ ਨੂੰ ਲੈ ਕੇ ਝਗੜਾ ਇਸ ਹੱਦ ਤਕ ਵਧ ਗਿਆ ਕਿ ਦੁਕਾਨਦਾਰ ਅਤੇ ਮਜ਼ਦੂਰ ਆਪਸ ਵਿੱਚ ਹੱਥੋਪਾਈ ਹੋ ਗਏ। ਦੋਵਾਂ ਧਿਰਾਂ ਦੇ ਲੋਕਾਂ ਨੇ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਰਸਤਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਰਸਤਾ ਖੁੱਲ੍ਹਵਾਇਆ ਅਤੇ ਥਾਣੇ ਆਉਣ ਲਈ ਕਿਹਾ।
ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਲੱਖਾਂ ਰੁਪਏ ਲਾ ਕੇ ਉਹ ਆਪਣਾ ਕਾਰੋਬਾਰ ਚਲਾ ਰਹੇ ਹਨ, ਪਰ ਰੋਜ਼ਾਨਾ ਸੈਂਕੜੇ ਮਜ਼ਦੂਰ ਸਵੇਰ ਤੋਂ ਹੀ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਆ ਕੇ ਖੜ੍ਹ ਜਾਂਦੇ ਹਨ ਜੋ ਦੁਪਹਿਰ ਤਕ ਕੰਮ ਨਾ ਮਿਲਣ ਕਰਕੇ ਖੜ੍ਹੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਗਾਹਕਾਂ ਨੂੰ ਆਉਣਾ-ਜਾਣਾ ਔਖਾ ਹੋਣ ਕਾਰਨ ਉਨ੍ਹਾਂ ਦਾ ਵਪਾਰ ਚੌਪਟ ਹੋ ਕੇ ਰਹਿ ਗਿਆ ਹੈ।
ਇਸ ਮੌਕੇ ਮੌਜੂਦ ਕਈ ਮਜ਼ਦੂਰਾਂ ਨੇ ਦੱਸਿਆ ਕਿ ਕਈ ਦਹਾਕਿਆਂ ਤੋਂ ਲੇਬਰ ਦੇ ਖੜ੍ਹਾ ਹੋਣ ਲਈ ਕੋਈ ਪੱਕਾ ਠਿਕਾਣਾ ਨਾ ਹੋਣ ਕਾਰਨ ਉਹ ਨਗਰ ਕੌਂਸਲ ਚੌਕ ਵਿੱਚ ਖੜ੍ਹ ਕੇ ਆਪਣੀ ਮਜ਼ਦੂਰੀ ਦੀ ਭਾਲ ਕਰਦੇ ਹਨ। ਉਨ੍ਹਾਂ ਦਾ ਇਨ੍ਹਾਂ ਦੁਕਾਨਦਾਰਾਂ ਨਾਲ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਇੱਕ ਦੁਕਾਨਦਾਰ ਆਪਣੀ ਦੁਕਾਨ ਅੱਗੇ ਪਾਣੀ ਛਿੜਕ ਰਿਹਾ ਸੀ ਤਾਂ ਉਸਦੇ ਨੇੜੇ ਖੜ੍ਹੇ ਮਜ਼ਦੂਰ ’ਤੇ ਛਿੱਟੇ ਪੈਣ ਕਾਰਨ ਝਗੜਾ ਹੋ ਗਿਆ ਜੋ ਨਿੰਦਣਯੋਗ ਹੈ। ਉਨ੍ਹਾਂ ‘ਆਪ’ ਸਰਕਾਰ ਤੋਂ ਮਜ਼ਦੂਰਾਂ ਦੇ ਖੜ੍ਹਨ ਲਈ ਪੱਕੀ ਥਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਦੋਵਾਂ ਧਿਰਾਂ ਦੀ ਗੱਲ ਸੁਣਨ ਮਗਰੋਂ ਕਾਰਵਾਈ ਕਰਾਂਗੇ: ਥਾਣਾ ਮੁਖੀ
ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਅਨੁਸਾਰ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਕਾਰਵਾਈ ਕੀਤੀ ਜਾਵੇਗੀ। ਮੰਗਲਵਾਰ ਤੋਂ ਨਗਰ ਕੌਂਸਲ ਚੌਕ ਵਿੱਚ ਰੋਜ਼ਾਨਾ ਪੁਲੀਸ ਤਾਇਨਾਤ ਕੀਤੀ ਜਾਵੇਗੀ।