ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੁਲਾਈ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਲੋਕਾਂ ਨੂੰ ਹੜ੍ਹਾਂ ਤੋਂ ਬਚਾਅ ਲਈ ਮਗਨਰੇਗਾ ਸਕੀਮ ਹੇਠ ਪਟਿਆਲਾ ਜ਼ਿਲ੍ਹੇ ’ਚੋਂ ਵਗਦੀਆਂ ਨਦੀਆਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਅਤੇ ਬੰਨ੍ਹ ਮਜ਼ਬੂਤ ਕਰਵਾਏ ਗਏ ਹਨ। ਜਿਸ ਲਈ 96.73 ਲੱਖ ਰੁਪਏ ਖ਼ਰਚੇ ਗਏ ਅਤੇ ਇਸ ਨਾਲ 36780 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ।
ਉਨ੍ਹਾਂ ਕਿਹਾ ਕਿ ਏਡੀਸੀ ਵਿਕਾਸ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਹੇਠ ਪਟਿਆਲਾ ਡਰੇਨੇਜ ਡਿਵੀਜ਼ਨ ਅਧੀਨ ਆਉਂਦੀਆਂ ਅਤੇ ਜ਼ਿਲ੍ਹੇ ਦੇ 9 ਬਲਾਕਾਂ ਅਧੀਨ ਪੈਂਦੀਆਂ ਵੱਖ-ਵੱਖ ਡਰੇਨਾਂ ਦੀ 29 ਥਾਵਾਂ ’ਤੇ ਸਫ਼ਾਈ ਕਰਕੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ। ਬਲਾਕ ਘਨੌਰ ਵਿੱਚ ਪੱਚੀਦਰਾ ਡਰੇਨ ਵਿੱਚੋਂ ਬੂਟੀ ਪੁੱਟਣ ਸਮੇਤ ਮਹਿਦੂਦਾਂ ਡੈਮ ਦੀ ਮੁਰੰਮਤ ਸਮੇਤ ਭੂਰੀ ਮਾਜਰਾ ਅਤੇ ਮੀਰਾਪੁਰ ਚੋਅ ਦੀ ਸਫ਼ਾਈ, ਬੰਨ੍ਹ ਪੱਕੇ ਕਰ ਅਤੇ ਰਾਜਪੁਰਾ ਬਲਾਕ ’ਚ ਪੱਚੀਦਰਾ ਦੀ ਸਫ਼ਾਈ ਕਰਵਾਉਣੀ ਸ਼ਾਮਲ ਹੈ। ਸ਼ੰਭੂ ਬਲਾਕ ’ਚ ਭਸਮਾ ਤੇਪਲਾ ਰੋਡ ’ਤੇ ਪਾਣੀ ਦੇ ਵਹਾਅ ਦੀ ਸਫ਼ਾਈ ਕਰਵਾਈ ਗਈ।
ਬਲਾਕ ਭੁਨਰਹੇੜੀ ਵਿੱਚ ਘੱਗਰ ਦਰਿਆ ਦੇ ਵਹਾਅ ’ਚ ਆਈਆਂ ਰੁਕਾਵਟਾਂ ਦੂਰ ਕਰਵਾਉਣ ਸਮੇਤ ਸ਼ੇਖਪੁਰਾ ਅਦਾਲਤੀਵਾਲਾ ਡਰੇਨ, ਰੋਹੜ ਜਗੀਰ ਡਰੇਨ ਅਤੇ ਮੀਰਾਂਪੁਰ ਚੋਅ ਦੀ ਸਾਫ਼ ਸਫ਼ਾਈ ਅਤੇ ਘੱਗਰ ਦੇ ਬੰਨ੍ਹ ਮਜ਼ਬੂਤ ਕੀਤੇ ਗਏ ਹਨ। ਇਸ ਤੋਂ ਬਿਨਾਂ ਸਨੌਰ ਬਲਾਕ ’ਚ ਨਿੰਮ੍ਹ ਸਾਹਿਬ ਡਰੇਨ ਅਤੇ ਮੀਰਾਂਪੁਰ ਚੋਅ ਦੇ ਕੰਮ ਸਮੇਤ ਪਟਿਆਲਾ ਬਲਾਕ ’ਚ ਫੱਗਣਮਾਜਰਾ ਡਰੇਨ, ਕਾਲਵਾ ਸੁਨਿਆਰਹੇੜੀ ਡਰੇਨ ਅਤੇ ਮੀਰਾਂਪੁਰ ਚੋਅ ਦਾ ਕੰਮ। ਨਾਭਾ ਬਲਾਕ ’ਚ ਸਰਹਿੰਦ ਚੋਅ ਅਤੇ ਸਮਾਣਾ ਬਲਾਕ ’ਚ ਝੰਬੋਵਾਲੀ ਚੋਅ ਦੀ ਸਫ਼ਾਈ ਅਤੇ ਬੰਨ੍ਹੇ ਮਜ਼ਬੂਤ ਕਰਨ ਸਮੇਤ ਪਾਤੜਾਂ ਬਲਾਕ ’ਚ ਸਾਗਰ ਪਾੜਾ ਡੈਮ ਦੀ ਮੁਰੰਮਤ, ਝੰਬੋਵਾਲੀ ਚੋਅ ਦਾ ਕੰਮ ਅਤੇ ਕਲਵਾਣੂ ਡਰੇਨ ਦਾ ਕੰਮ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਕਿਹਾ ਕਿ ਇਨ੍ਹਾਂ ਕੰਮਾਂ ਨਾਲ਼ ਬਰਸਾਤੀ ਨਾਲਿਆਂ ਤੇ ਨਦੀਆਂ ਦੇ ਨੇੜਲੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚੇਗਾ ਅਤੇ ਸੰਭਾਵੀ ਹੜ੍ਹਾਂ ਤੋਂ ਵੀ ਬਚਾਅ ਹੋਵੇਗਾ ਜਦੋਂਕਿ ਇਹ ਕੰਮ ਕਰਵਾਏ ਜਾਣ ਨਾਲ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।