ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ-ਕਮ-ਸੀਜੇਐਮ ਪਰਮਿੰਦਰ ਕੌਰ ਨੂੰ ਕੋਵਿਡ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਕਮੇਟੀਆਂ ’ਚ ਸ਼ਾਮਲ ਕੀਤਾ ਗਿਆ ਹੈ। ਬੀਬੀ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਬੈੱਡਾਂ, ਆਕਸੀਜਨ ਅਤੇ ਰੈਮਡੇਸਿਵਿਰ ਟੀਕਿਆਂ ਦੀ ਉਪਲਬਧਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਹੈਲਪਲਾਈਨ ਨੰਬਰ 62843-57500 ਚਾਲੂ ਕਰ ਦਿੱਤਾ ਗਿਆ ਹੈ। ਕੋਵਿਡ ਤਾਲਾਬੰਦੀ, ਵੈਕਸੀਨੇਸ਼ਨ ਸਮਾਂ ਸਾਰਣੀ ਤੇ ਹੋਰ ਸ਼ਿਕਾਇਤਾਂ ਲਈ ਕੰਟਰੋਲ ਰੂਮ ਨੰਬਰ 0175-2350550 ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਟਿਆਲਾ ਦੇ ਫੋਨ ਨੰਬਰਾਂ 0175-2306500 ਅਤੇ ਅਥਾਰਿਟੀ ਦੇ ਪਟਿਆਲਾ ਜ਼ਿਲ੍ਹਾ ਸਕੱਤਰ ਦੇ ਦਫ਼ਤਰੀ ਨੰਬਰ 85588-09698 ’ਤੇ ਵੀ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੱਸ ਸਕਦੇ ਹਨ।