ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੁਲਾਈ
‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ। ਇਹ ਕਲੀਨਿਕ ਰਾਜ ਅੰਦਰ ਖਾਲੀ ਪਏ ਸੇਵਾ ਕੇਂਦਰਾਂ ’ਚ ਬਣਾਏ ਜਾ ਰਹੇ ਹਨ। ਭਾਵੇਂ ਇਸ ਕੜੀ ਵਜੋਂ 117 ਮੁਹੱਲਾ ਕਲੀਨਿਕ ਬਣਾਏ ਜਾਣੇ ਹਨ ਪਰ ਮੁੱਢਲੇ ਤੌਰ ’ਤੇ 15 ਅਗਸਤ ਨੂੰ 75ਵੇਂ ਆਜ਼ਾਦੀ ਦਿਹਾੜੇ ’ਤੇ ਮੁੱਖ ਮੰਤਰੀ ਵੱਲੋਂ 75 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਟਿਆਲਾ ਦੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦਾ ਸ਼ੇਰਾਂ ਵਾਲਾ ਗੇਟ ਸਥਿਤ ਭਾਸ਼ਾ ਵਿਭਾਗ ਵਿੱਚ ਸਥਾਪਤ ਸੇਵਾ ਕੇਂਦਰ ਅਤੇ ਪਟਿਆਲਾ ਦਿਹਾਤੀ ਦੇ ਪਿੰਡ ਝਿੱਲ ਦੀ ਸੇਵਾ ਕੇਂਦਰ ਦੀਆਂ ਇਮਾਰਤਾਂ ਵਿੱਚ ਬਣਾਏ ਜਾ ਰਹੇ ਨਵੇਂ ਮੁੱਹਲਾ ਕਲੀਨਿਕਾਂ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਆਈ.ਡੀ.ਐੱਸ.ਪੀ. ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਯਜੋਤ ਸਿੰਘ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਇਹ ਦੋ ਮੁਹੱਲਾ ਕਲੀਨਿਕਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਨਾਭਾ ਵਿੱਚ ਵੀ ਮੁਹੱਲਾ ਕਲੀਨਿਕ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਨਵਾਂ ਤੇ ਮਹੱਤਵਪੂਰਨ ਸਿਹਤ ਉਪਰਾਲਾ ਹੈ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬੁਨਿਆਦੀ ਇਲਾਜ ਸੁਵਿਧਾਵਾਂ ਮਿਲ ਸਕਣਗੀਆਂ। ਇੱਥੇ ਮਰੀਜ਼ਾਂ ਦੀ ਜਾਂਚ ਤੋਂ ਇਲਾਵਾ ਲੈਬ ਟੈਸਟਿੰਗ ਅਤੇ ਦਵਾਈਆਂ ਦਾ ਵੀ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਹਿਲੇ ਫੇਜ਼ ਵਿੱਚ ਜ਼ਿਲ੍ਹੇ ਦੇ ਨਵੇਂ ਬਣਾਏ ਜਾ ਰਹੇ ਇਨ੍ਹਾਂ ਤਿੰਨ ਮੁੱਹਲਾ ਕਲੀਨਿਕਾਂ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜੀ ਦੇ ਮੌਕੇ ’ਤੇ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।