ਪੱਤਰ ਪ੍ਰੇਰਕ
ਸਮਾਣਾ, 19 ਦਸੰਬਰ
ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਇਕ ਮੰਗ ਪੱਤਰ ਦੇ ਕੇ ਪੇਂਡੂ ਚੌਕੀਦਾਰਾਂ ਦੀਆਂ ਤਨਖਾਹਾਂ ਡੀਸੀ ਰੇਟ ਜਾਂ ਹਰਿਆਣਾ ਦੀ ਤਰਜ਼ ’ਤੇ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈੱਸ ਸਕੱਤਰ ਰਾਮ ਲਾਲ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡਾਂ ’ਚ ਚੌਕੀਦਾਰ ਲੰਮੇ ਸਮੇਂ ਤੋਂ ਸਰਕਾਰ ਦੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਸੰਵੇਦਨਸ਼ੀਲ ਕੜੀ ਦੇ ਰੂਪ ’ਚ ਕੰਮ ਕਰ ਰਹੇ ਹਨ। ਜੋ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਅਦਾਲਤਾਂ ਤੋਂ ਆਏ ਫੈਸਲੇ ਤੱਕ ਅਤੇ ਚੋਣ ਪ੍ਰਕਿਰਿਆ ਵਿਚ ਮੋਹਰੀ ਰੋਲ ਅਦਾ ਕਰਦੇ ਹਨ। ਇਸ ਬਦਲੇ ਉਨ੍ਹਾਂ ਨੂੰ 1250 ਰੁਪਏ ਪ੍ਰਤੀ ਮਹੀਨਾ ਨਿਗੂਣੀ ਤਨਖਾਹ ਮਿਲੀ ਹੈ, ਜਦੋਂ ਕਿ ਹਰਿਆਣਾ ਦੇ ਚੌਕੀਦਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਤੋਂ ਇਲਾਵਾ, ਵਰਦੀ ਲਈ 2500 ਰੁਪਏ, ਡੰਡਾ ਬੈਟਰੀ ਆਦਿ ਲਈ 1000 ਰੁਪਏ, ਸਾਈਕਲ ਭੱਤਾ 3500 ਰੁਪਏ ਸਾਲਾਨਾ ਦਿੱਤਾ ਜਾਂਦਾ ਹੈ। ਇਸ ਮੌਕੇ ਸਤਪਾਲ ਸਿੰਘ ਭਲੱੜ, ਅਮਰਜੀਤ ਸਿੰਘ ਰੋਪੜ, ਮਨਪ੍ਰੀਤ ਸਿੰਘ , ਰਾਮ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ ਤੇ ਕ੍ਰਿਸ਼ਨ ਸਿੰਘ ਹਾਜ਼ਰ ਸਨ।