ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਗਸਤ
ਦਸਤ ਲੱਗਣ ਕਾਰਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ 11 ਸਾਲਾਂ ਦੀ ਇੱਕ ਬੱਚੀ ਦੀ ਮੌਤ ਹੋ ਗਈ। ਅੰਜਲੀ ਨਾਮ ਦੀ ਇਹ ਬੱਚੀ ਇੱਥੋਂ ਦੀ ਗੋਪਾਲ ਕਲੋਨੀ ਦੀ ਰਹਿਣ ਵਾਲੀ ਸੀ, ਜਿਸ ਦੇ ਮਾਪਿਆਂ ਨੇ ਉਸ ਦੀ ਮੌਤ ਲਈ ਹਸਪਤਾਲ ਦੇ ਡਾਕਟਰਾਂ ’ਤੇ ਕਥਿਤ ਅਣਗਹਿਲੀ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਹਸਪਤਾਲ ਲਿਆਉਣ ’ਤੇ ਡਾਕਟਰਾਂ ਨੇ ਇੱਕ ਘੰਟਾ ਤਾਂ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ, ਜਿਸ ਕਾਰਨ ਹੀ ਬੱਚੀ ਮੌਤ ਦੇ ਮੂੰਹ ਚਲੀ ਗਈ। ਇਸ ਸਬੰਧੀ ਉਨ੍ਹਾਂ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਸੰਪਰਕ ਕਰਨ ’ਤੇ ਮੈਡੀਕਲ ਸੁਪਰਡੈਂਟ ਐੱਚ ਐੱਸ ਰੇਖੀ ਨੇ ਅਜਿਹੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਉਨ੍ਹਾਂ ਨੇ ਐਮਰਜੈਂਸੀ ਵਾਰਡ ਦੇ ਇੰਚਾਰਜ ਨੂੰ ਜ਼ਿੰਮੇਵਾਰੀ ਸੌਂਪੀ ਹੈ।