ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੁਲਾਈ
ਪੰਜਾਬ ਡੈੱਫ਼ ਐਂਡ ਡੰਬ ਸਪੋਰਟਸ ਐਸੋਸੀਏਸ਼ਨ ਵੱਲੋਂ ਇੱਥੇ ਪਟਿਆਲਾ ਸਕੂਲ ਫ਼ਾਰ ਦਿ ਡੈੱਫ਼ ਵਿੱਚ 13ਵੀਂ ਪੰਜਾਬ ਰਾਜ ਡੈੱਫ਼ ਚੈੱਸ ਚੈਂਪੀਅਨਸ਼ਿਪ ਕਰਵਾਈ ਗਈ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਖਿਡਾਰੀਆਂ ਦੀ ਹੌਸਲਾ-ਅਫ਼ਜਾਈ ਕਰਦਿਆਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਬੋਲਣ ਤੇ ਸੁਣਨ ਤੋਂ ਅਸਮਰਥ ਅਤੇ ਦਿਵਿਆਂਗ ਬੱਚੇ ਸਾਧਾਰਨ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਬਸ ਇਨ੍ਹਾਂ ਦੇ ਹੁਨਰ ਨੂੰ ਪਛਾਣ ਕੇ ਅੱਗੇ ਲਿਆਉਣ ਦੀ ਲੋੜ ਹੁੰਦੀ ਹੈ।
ਸ੍ਰੀ ਪਠਾਣਮਾਜਰਾ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਚੈੱਸ ਖੇਡਣ ਦੀ ਪ੍ਰਤਿਭਾ ਤੋਂ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਬੱਚਿਆਂ ਲਈ ਜੋ ਕੁਝ ਵੀ ਕਰ ਸਕਦੇ ਹੋਏ, ਜ਼ਰੂਰ ਕਰਨਗੇ। ਕਰਨਲ ਕਰਮਿੰਦਰ ਸਿੰਘ, ਸਕੂਲ ਪ੍ਰਿੰਸੀਪਲ ਰੇਨੂ ਸਿੰਗਲਾ, ਪਟਿਆਲਾ ਐਸੋਸੀੲਸ਼ਨ ਆਫ਼ ਡੈੱਫ਼ ਦੇ ਪ੍ਰਧਾਨ ਜਗਦੀਪ ਸਿੰਘ, ਚੰਦਰ ਪ੍ਰਕਾਸ਼, ਜਨਰਲ ਸਕੱਤਰ ਨਵਦੀਪ ਸ਼ਰਮਾ ਨੇ ਵਿਧਾਇਕ ਪਠਾਣਮਾਜਰਾ ਦਾ ਚੈਂਪੀਅਨਸ਼ਿਪ ’ਚ ਪੁੱਜਣ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਹਿਮਦਾਬਾਦ (ਗੁਜਰਾਤ) ’ਚ 27 ਤੋਂ 31 ਜੁਲਾਈ ਨੂੰ ਹੋਣ ਵਾਲੀ 23ਵੀਂ ਨੈਸ਼ਨਲ ਡੈੱਫ਼ ਚੈੱਸ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਵਾਸਤੇ ਇਹ ਚੈਂਪੀਅਨਸ਼ਿਪ ਕਰਵਾਈ ਗਈ ਹੈ।