ਪਤੰਜਲੀ ਦੇ ਨਾਂ ’ਤੇ ਆਨਲਾਈਨ ਠੱਗੀ ਮਾਰੀ : The Tribune India

ਪਤੰਜਲੀ ਦੇ ਨਾਂ ’ਤੇ ਆਨਲਾਈਨ ਠੱਗੀ ਮਾਰੀ

ਪਤੰਜਲੀ ਦੇ ਨਾਂ ’ਤੇ ਆਨਲਾਈਨ ਠੱਗੀ ਮਾਰੀ

ਠੱਗੀ ਦਾ ਸ਼ਿਕਾਰ ਰਾਜ ਕੁਮਾਰ ਮਾਮਲੇ ਬਾਰੇ ਦੱਸਦਾ ਹੋਇਆ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 30 ਨਵੰਬਰ

ਬਾਬਾ ਰਾਮਦੇਵ ਦੀ ਦੇਸ਼ੀ ਦਵਾਈਆਂ ਬਣਾਉਣ ਲਈ ਦੇਸ਼ ਭਰ ਵਿੱਚ ਮਸ਼ਹੂਰ ਕੰੰਪਨੀ ਪਤੰਜਲੀ ਦੇ ਨਾਂ ਉਤੇ ਸੋਸ਼ਲ ਮੀਡੀਆ ਉਤੇ ਠੱਗੀ ਮਾਰਨ ਵਾਲਾ ਗਰੋਹ ਸਰਗਰਮ ਹੈ। ਇਸ ਗਰੋਹ ਵੱਲੋਂ ਇਲਾਜ ਲਈ ਬੁਕਿੰਗ ਕਰਵਾਉਣ ਦੇ ਨਾਂ ਉਤੇ ਇੱਕ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਆਨਲਾਈਨ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਸਣੇ ਸਾਈਬਰ ਕਰਾਇਮ ਸੈੱਲ ਨੂੰ ਸ਼ਿਕਾਇਤਾਂ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਸ਼ਹਿਰ ਦੇ ਵਾਰਡ ਨੰਬਰ ਦੋ ਦੇ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਗਿਆਨ ਚੰਦ ਬੀਮਾਰੀ ਤੋਂ ਪੀੜਤ ਸੀ, ਜਿਸਦਾ ਇਲਾਜ ਉਸ ਨੇ ਵੱਖ ਵੱਖ ਥਾਵਾਂ ਤੋਂ ਕਰਵਾਇਆ ਪਰ ਕੋਈ ਆਰਾਮ ਨਾ ਆਉਣ ਮਗਰੋਂ ਉਸਨੇ ਪਤੰਜਲੀ ਯੋਗਪੀਠ ਤੋਂ ਇਲਾਜ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਆਨਲਾਈਨ ਬੁਕਿੰਗ ਕਰਵਾਉਣ ਲਈ ਇੰਟਰਨੈੱਟ ’ਤੇ ਮਿਲੇ ਮੋਬਾਈਲ ਨੰਬਰ ਉਤੇ ਕਾਲ ਕਰਨ ’ਤੇ ਸਬੰਧਤ ਵਿਅਕਤੀ ਨੇ ਮੈਡੀਕਲ ਰਿਪੋਰਟਾਂ ਭੇਜਣ ਲਈ ਕਿਹਾ। ਫੋਨ ’ਤੇ ਗੱਲ ਕਰ ਰਿਹਾ ਵਿਅਕਤੀ ਆਪਣੇ ਆਪ ਨੂੰ ਡਾਕਟਰ ਦੱਸ ਰਿਹਾ ਸੀ। ਉਸਨੇ ਕਿਹਾ ਕਿ ਮਰੀਜ਼ ਦਾ ਇਲਾਜ ਪਤੰਜਲੀ ਯੋਗ ਪੀਠ ਵਿੱਚ ਹੋ ਜਾਵੇਗਾ। ਇਸ ਲਈ ਉਸਨੇ 40 ਹਜ਼ਾਰ ਰੁਪਏ ਭੇਜਣ ਲਈ ਕਿਹਾ ਅਤੇ ਪੀਠ ਦੀ ਲੈਟਰਪੈਡ ਉਤੇ ਪੂਰੀ ਡਿਟੇਲ ਬਣਾ ਕੇ ਭੇਜ ਦਿੱਤੀ। ਉਸਨੇ 15 ਹਜ਼ਾਰ ਰੁਪਏ 22 ਨਵੰਬਰ ਨੂੰ ਤੇ 25 ਹਜ਼ਾਰ ਰੁਪਏ 23 ਨਵੰਬਰ ਨੂੰ ਵੱਖ ਵੱਖ ਖਾਤਿਆਂ ’ਚ ਭੇਜੇ। 24 ਨਵੰਬਰ ਨੂੰ ਜਦੋਂ ਉਹ ਆਪਣੇ ਪਿਤਾ ਨੂੰ ਲੈ ਕੇ ਹਰਿਦੁਆਰ ਪੁੱਜਿਆ ਤਾਂ ਉਥੇ ਹਾਜ਼ਰ ਮੁਲਾਜ਼ਮਾਂ ਨੇ ਚੈੱਕ ਕਰਨ ਮਗਰੋਂ ਕਿਹਾ ਕਿ ਉਥੇ ਉਨ੍ਹਾਂ ਦੀ ਕੋਈ ਬੁਕਿੰਗ ਨਹੀਂ ਹੈ। ਰਸੀਦਾਂ ਦਿਖਾਉਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਹੋਰ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All