ਸਰਬਜੀਤ ਸਿਘ ਭੰਗੂ
ਪਟਿਆਲਾ, 28 ਦਸੰਬਰ
ਕਾਂਗਰਸ ਪਾਰਟੀ ਵੱਲੋਂ 29 ਦਸੰਬਰ ਤੋਂ ਪਟਿਆਲਾ ਜ਼ਿਲ੍ਹੇ ’ਚ ਵੀ ਚੋਣ ਮੁਹਿੰਮ ਦਾ ਰਸਮੀ ਆਗਾਜ ਕੀਤਾ ਜਾ ਰਿਹਾ ਹੈ। ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਪੁੱਜ ਰਹੇ ਹਨ। ਇਸ ਦੌਰਾਨ ਉਹ ਪਹਿਲਾਂ ਸਵੇਰੇ 11 ਕੁ ਵਜੇ ਘਨੌਰ ਵਿੱਚ ਇਥੋਂ ਕਾਂਗਰਸ ਉਮੀਦਵਾਰ ਤੇ ਸੀਟਿੰਗ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਹੱਕ ’ਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਜਲਾਲਪੁਰ ਮੁੱਖ ਮੰਤਰੀ ਦੇ ਅਤਿ ਭਰੋਸੇਯੋਗ ਆਗੂ ਕੁਝ ਸਮਾਂ ਪਹਿਲਾਂ ਹੀ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਨਿਯਕਤ ਕੀਤੇ ਵਿਧਾਇਕ ਦੇ ਫਰਜੰਦ ਜੌਲੀ ਜਲਾਲਪੁਰ ਦੱਸਦੇ ਹਨ ਕਿ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਘਨੌਰ ਹਲਕੇ ’ਚ ਕਈ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਪ੍ਰਾਜੈਕਟਾਂ ਦੇ ਉਦਘਾਟਨ ਵੀ ਕੀਤੇ ਜਾਣਗੇ ਤੇ ਕੁਝ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਸ੍ਰੀ ਚੰਨੀ ਤੇ ਜਲਾਲਪੁਰ ਵਿਧਾਨ ਸਭਾ ਦੇ ਜੋੜੀਦਾਰ ਹਨ। 2007 ’ਚ ਉਹ ਦੋਵੇਂ ਹੀ ਆਜ਼ਾਦ ਵਿਧਾਇਕ ਹੋਣ ਨਾਤੇ ਇਕੋ ਮੇਜ ’ਤੇ ਬੈਠਿਆ ਕਰਦੇ ਸਨ। ਉਦੋਂ ਦੀ ਦੋਸਤੀ ਸਦਕਾ ਜਲਾਲਪੁਰ ਨੇ ਐਤਕੀਂ ਹਲਕਾ ਘਨੌਰ ਦੇ ਵਿਕਾਸ ਲਈ ਮੁੱਖ ਮੰਤਰੀ ਦੇ ਕੋਟੇ ’ਚੋਂ ਕਈ ਕਰੋੜ ਗਰਾਂਟਾਂ ਹਾਸਲ ਕੀਤੀਆਂ ਹਨ। ਜਲਾਲਪੁਰ ਦਾ ਤਰਕ ਹੈ ਕਿ ਉਸ ਨੇ ਬਿਨਾਂ ਭੇਦਭਾਵ ਸਾਰੇ ਖੇਤਰਾਂ ਦਾ ਵਿਕਾਸ ਕਰਵਾਇਆ ਹੈ। ਉਧਰ, ਕੱਲ੍ਹ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ ਜਲਾਲਪੁਰ ਤੇ ਜੌਲੀ ਜਲਾਲਪੁਰ ਦੇ ਨਾਲ਼ ਕਾਂਗਰਸ ਦੇ ਜ਼ਿਲ਼੍ਹਾ ਪ੍ਰਧਾਨ ਗੁਰਦੀਪ ਸਿੰਘ ਊਟਸਾਰ, ਬਲਿਹਾਰ ਸ਼ਮਸ਼ਪੁਰ, ਨਗਰ ਕੌਂਸਲ ਘਨੌਰ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਸਰਪੰਚ ਡਿੰਪਲ ਚੱਪੜ,ਹਰਵਿੰਦਰ ਕਾਮੀ, ਬਲਜੀਤ ਗਿੱਲ, ਬਲਰਾਜ ਨੌਸ਼ਹਿਰਾ ਆਦਿ ਆਗੂ ਵੀ ਨਾਲ਼ ਸਨ। ਉਧਰ, ਘਨੌਰ ਤੋਂ ਬਾਅਦ ਮੁੱਖ ਮੰਤਰੀ ਸਮਾਣਾ ਤੋਂ ਕਾਂਗਰਸ ਉਮੀਦਵਾਰ ਕਾਕਾ ਰਾਜਿੰਦਰ ਸਿੰਘ ਵਿਧਾਇਕ ਦੇ ਹੱਕ ’ਚ ਸਮਾਣਾ ’ਚ ਹੋਣ ਵਾਲ਼ੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਸ਼ਰੀਫ ਤੇ ਲੋਕ ਹਿਤੂ ਹੋਣ ਦੇ ਚੱਲਦਿਆਂ ਵਿਧਾਇਕ ਰਾਜਿੰਦਰ ਸਿੰਘ ਦਾ ਇਲਾਕੇ ’ਚ ਚੰਗਾ ਆਧਾਰ ਹੈ, ਪਰ ਟਕਸਾਲੀ ਕਾਂਗਰਸ ਆਗੂ ਲਾਲ ਸਿੰੰਘ ਦੇ ਪੁੱਤਰ ਹੋਣ ਕਾਰਨ ਉਹ ਰਸੂਖ ਰੱਖਦੇ ਹਨ। ਲਾਲ ਸਿੰਘ ਵੀ ਵੱਡਾ ਇਕੱਠ ਕਰਨ ’ਚ ਮੁਹਾਰਤ ਰੱਖਦੇ ਹਨ। ਵਿਧਾਇਕ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਲੋਕਾਂ ’ਚ ਭਾਰੀ ਉਤਸਾਹ ਹੈ। ਮੁੱਖ ਮੰਤਰੀ ਚੰਨੀ ਦੀ ਪਟਿਆਲਾ ਜ਼ਿਲ੍ਹੇ ’ਚ ਪਲੇਠੀ ਰਾਜਸੀ ਫੇਰੀ ਹੈ।
ਰੈਲੀਆਂ ਲਈ ਸੁਰੱਖਿਆ ਪ੍ਰਬੰਧ ਮਜਬੂਤ: ਭੁੱਲਰ
ਮੁੱਖ ਮੰਤਰੀ ਦੀ ਇਸ ਫੇਰੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਘਨੌਰ ਤੇ ਸਮਾਣਾ ਵਿਚਲੀਆਂ ਰੈਲੀਆਂ ਵਾਲ਼ੀਆਂ ਥਾਂਵਾਂ ’ਤੇ ਸੁਰੱਖਿਆ ਪੱਖੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ’ਚ ਵਾਪਰੀਆਂ ਘਟਨਾਵਾਂ ਕਾਰਨ ਰਾਜ ਦੀਆਂ ਵੱਡੀਆਂ ਹਸਤੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖੁਦ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਕਰ ਰਹੇ ਹਨ।