ਖੇਤਰੀ ਪ੍ਰਤੀਨਿਧ
ਸਨੌਰ, 20 ਫਰਵਰੀ
ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਸਨੌਰ ਸ਼ਹਿਰ ਸਮੇਤ ਹਲਕੇ ਦੇ ਤਕਰੀਬਨ ਸਮੁੱਚੇ ਪਿੰਡਾਂ ਵਿੱਚ ਲੱਗੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਇਸ ਦੌਰਾਨ ਵਰਕਰਾਂ ਅਤੇ ਪੋਲਿੰਗ ਏਜੰਟਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪਾਲ਼ੇ ਵਹਿਮ ਅਤੇ ਭਰਮ ਭੁਲੇਖੇ 10 ਮਾਰਚ ਨੂੰ ਚੋਣ ਨਤੀਜੇ ਕੱਢ ਦੇਣਗੇ। ਲੋਕਾਂ ਦਾ ਜੋ ਪਿਆਰ, ਸਤਿਕਾਰ ਅਤੇ ਉਤਸ਼ਾਹ ਅੱਜ ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਮਿਲਿਆ, ਉਸਤੋਂ ਸਾਫ਼ ਹੋ ਗਿਆ ਹੈ ਕਿ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਲੋਕ ਕਿਰਦਾਰ ਅਤੇ ਸ਼ਖ਼ਸੀਅਤ ਦੇ ਨਾਲ ਨਾਲ ਉਸ ਪਾਰਟੀ ਨੂੰ ਚੁਣਨਾ ਪਸੰਦ ਕਰਨਗੇ ਜਿਹੜੀ ਪਾਰਟੀ ਹਲਕੇ ਦੇ ਵਿਕਾਸ ਲਈ ਸਮਰੱਥ ਹੋਵੇ।