ਰਵੇਲ ਸਿੰਘ ਭਿੰਡਰ
ਪਟਿਆਲਾ, 19 ਜੂਨ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਐਮ.ਪੀ.ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਘਨੌਰ ਵਿਧਾਨ ਸਭਾ ਪਿੜ ਦੇ ਅਖਾੜੇ ’ਤੇ ਆਪਣੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨਾਲ ਹੀ ਸਿਆਸੀ ਪੇਚਾ ਪੈਣ ਲੱਗਿਆ ਹੈ। ਜੇਕਰ ਅਜਿਹਾ ਸੰਭਵ ਹੋਇਆ ਤਾਂ ਅਕਾਲੀ ਦਲ ਨੂੰ ਅਸੈਂਬਲੀ ਚੋਣ ਪਿੜ ’ਚ ਕਾਫੀ ਨਮੋਸ਼ੀ ਝੱਲਣੀ ਪੈ ਸਕਦੀ ਹੈ, ਜਿਸ ਦੀ ਪਾਰਟੀ ਹਲਕਿਆਂ ’ਚ ਚਰਚਾ ਵੀ ਛਿੜੀ ਹੋਈ ਹੈ।
ਦੱਸਣਯੋਗ ਹੈ ਕਿ ਚੰਦੂਮਾਜਰਾ ਵੱਲੋਂ ਲੰਘੇ ਕੁਝ ਦਿਨਾਂ ਤੋਂ ਪਟਿਆਲਾ ਜ਼ਿਲੇ ਦੇ ਘਨੌਰ ਹਲਕੇ ਤੋਂ ਚੋਣਾਵੀਂ ਮਸ਼ਕ ਸ਼ੁਰੂ ਕੀਤੀ ਹੋਈ ਹੈ। ਜਦੋਂਕਿ ਇਸ ਹਲਕੇ ਤੋਂ ਸਾਬਕਾ ਵਿਧਾਇਕਾ ਤੇ ਮੌਜੂਦਾ ਹਲਕਾ ਇੰਚਾਰਜ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵੀ ਹਾਲੇ ਆਪਣੀ ਦਾਅਵੇਦਾਰੀ ਜਿਤਾ ਰਹੇ ਹਨ। ਦੂਜੇ ਬੰਨੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਹਲਕੇ ਤੋਂ ਪਾਰਟੀ ਹਾਈਕਮਾਂਡ ਤੋਂ ਟਿਕਟ ਮੰਗ ਰਹੇ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਘਨੌਰ ਹਲਕੇ ‘ਚ ਚੋਣਾਵੀ ਮੇਲ ਜੋਲ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਚੇਅਰਮੈਨ ਸ਼੍ਰੀ ਹਰਪਾਲਪੁਰ ਕਈ ਵਰ੍ਹੇ ਪ੍ਰੋ.ਚੰਦੂਮਾਜਰਾ ਦੇ ਸਿਆਸੀ ਗਲਿਆਰਿਆਂ ’ਚ ਸਰਗਰਮ ਆਗੂ ਵਜੋਂ ਜਾਣੇ ਜਾਂਦੇ ਸਨ, ਪ੍ਰੰਤੂ ਪਿਛਲੇ ਕੁਝ ਚਿਰ ਤੋਂ ਉਨ੍ਹਾਂ ਦੀ ਚੰਦੂਮਾਜਰਾ ਖੇਮੇ ਨਾਲ ਸਿਆਸੀ ਖਟਾਸ ਬਣੀ ਹੋਈ ਹੈ।
ਹਰਪਾਲਪੁਰ ਨੇ ਘਨੌਰ ਹਲਕੇ ਤੋਂ ਪਾਰਟੀ ਟਿਕਟ ਦੀ ਆਪਣੀ ਦਾਆਵੇਦਾਰੀ ਨੂੰ ਜਾਇਜ਼ ਦੱਸਦਿਆਂ ਆਖਿਆ ਕਿ ਉਹ ਹਲਕੇ ਦਾ ਜੰਮਪਲ ਹੈ, ਪਾਰਟੀ ਹਾਈਕਮਾਂਡ ਤੋਂ ਪਿਛਲੀ ਵਾਰ ਵੀ ਟਿਕਟ ਮੰਗ ਰਿਹਾ ਸੀ ਤੇ ਐਤਕੀਂ ਵੀ ਅਜਿਹੀ ਸਰਗਰਮੀ ਕਰ ਰਿਹਾ ਹੈ। ਘਨੌਰ ਹਲਕੇ ਦੀ ਤਰਾਸਦੀ ਰਹੀ ਹੈ ਕਿ ਲੰਘੇ ਕਈ ਦਹਾਕਿਆਂ ਤੋਂ ਕੋਈ ਵੀ ਵਿਧਾਇਕ ਹਲਕੇ ਦਾ ਜੰਮਪਲ ਨਹੀ ਹੈ, ਸਾਰੇ ਬਾਹਰੋਂ ਹੀ ਆਉਂਦੇ ਰਹੇ ਹਨ। ਉਨ੍ਹਾਂ ਸਪਸ਼ਟ ਆਖਿਆ ਕਿ ਪ੍ਰੋ.ਚੰਦੂਮਾਜਰਾ ਭਾਵੇਂ ਉਨ੍ਹਾਂ ਦੇ ਮਾਮਾ ਜੀ ਹਨ ਪਰ ਉਹ ਵੀ ਹਲਕੇ ਤੋਂ ਬਾਹਰਲੇ ਹੀ ਹਨ। ਉਨ੍ਹਾਂ ਦਾ ਜੱਦੀ ਪਿੰਡ ਚੰਦੂਮਾਜਰਾ ਅਸੈਂਬਲੀ ਹਲਕੇ ਰਾਜਪੁਰਾ ’ਚ ਪੈਂਦਾ ਹੈ, ਲਿਹਾਜ਼ਾ ਉਨ੍ਹਾਂ ਨੂੰ ਪਰਿਵਾਰ ਦੀ ਦੂਜੀ ਟਿਕਟ ਲਈ ਰਾਜਪੁਰਾ ਹਲਕੇ ਲਈ ਸੋਚਣਾ ਚਾਹੀਦਾ ਸੀ। ਉਸ ਨੇ ਸਪਸ਼ਟ ਕੀਤਾ ਕਿ ਜੇਕਰ ਪਾਰਟੀ ਨੇ ਉਸ ਨੂੰ ਟਿਕਟ ਦੇਣ ਤੋਂ ਆਨਾਕਾਨੀ ਕੀਤੀ ਤਾਂ ਉਹ ਚੋਣ ਲੜਨ ਤੋਂ ਫਿਰ ਵੀ ਪਿੱਛੇ ਨਹੀਂ ਹਟੇਗਾ। ਪ੍ਰੋ.ਚੰਦੂਮਾਜਰਾ ਨੇ ਸਿਰਫ ਐਨਾ ਹੀ ਆਖਿਆ ਕਿ ਪਾਰਟੀ ਹਾਈਕਮਾਂਡ ਨੇ ਵੇਖਣਾ ਹੈ ਕਿ ਕਿਸ ਨੂੰ ਕਿਥੇ ਟਿਕਟ ਦੇਣੀ ਹੈ।