ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਸੁਪਰ ਐੱਸਐੱਮਐੱਸ ਤੋਂ ਬਗ਼ੈਰ ਵਾਢੀ ਕਰਨ ਵਾਲੀਆਂ ਦੋ ਕੰਬਾਈਨਾਂ ਦੇ ਚਲਾਨ ਕੱਟੇ ਅਤੇ ਇਕ ਕੰਬਾਈਨ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਮਲੇ ਨੇ ਪਟਿਆਲਾ ਜ਼ਿਲ੍ਹੇ ਦੀਆਂ ਛੇ ਥਾਵਾਂ ’ਤੇ ਪਰਾਲੀ ਨੂੰ ਲਾਈ ਗਈ ਅੱਗ ਵੀ ਬੁਝਾਈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਮੀਟਿੰਗ ਉਪਰੰਤ ਮੀਡੀਆ ਨੂੰ ਦਿੱਤੀ। ਮੀਟਿੰਗ ’ਚ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਸਣੇ ਐੱਸ.ਡੀ.ਐੱਮਜ਼, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਨਵਤੇਸ਼ ਸਿੰਗਲਾ, ਡੀਡੀਪੀਓ ਸੁਖਚੈਨ ਸਿੰਘ ਪਾਪੜਾ ਤੋਂ ਇਲਾਵਾ ਸੀਆਈਆਈ ਅਤੇ ਸਿੰਜੈਟਾ ਫਾਊਂਡੇਸ਼ਨ ਦੇ ਵਲੰਟੀਅਰ ਮੌਜੂਦ ਸਨ।
ਡੀਸੀ ਨੇ ਹਦਾਇਤ ਕੀਤੀ ਕਿ ਖੇਤੀਬਾੜੀ ਵਿਕਾਸ ਅਫ਼ਸਰ ਸੁਪਰ ਐੱਸਐੱਮਐੱਸ ਤੋਂ ਬਗੈਰ ਝੋਨੇ ਦੀ ਵਾਢੀ ਕਰਨ ਵਾਲੀਆਂ ਕੰਬਾਈਨਾਂ ਦੇ ਚਲਾਨ ਕਰਕੇ ਇਨ੍ਹਾਂ ਨੂੰ ਜ਼ਬਤ ਕਰਨ। ਉਨ੍ਹਾਂ ਕਿਹਾ ਕਿ ਜਿਥੇ ਵੀ ਝੋਨੇ ਦੇ ਖੇਤਾਂ ਨੂੰ ਅੱਗ ਲਗਾਈ ਜਾਂਦੀ ਹੈ, ਉਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਤੁਰੰਤ ਬੁਝਾਇਆ ਜਾਵੇ। ਸਮਾਣਾ ਦੇ ਐੱਸਡੀਐੱਮ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅੱਜ ਤਿੰਨ ਥਾਵਾਂ ’ਤੇ ਅੱਗ ਨੂੰ ਬੁਝਾਇਆ ਅਤੇ ਦੋ ਕੰਬਾਈਨਾਂ ਦੇ ਚਲਾਨ ਕੱਟੇ। ਇਸੇ ਤਰ੍ਹਾਂ ਐੱਸਡੀਐੱਮ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਨੇ ਵੀ ਤਿੰਨ ਥਾਈਂ ਖੇਤਾਂ ਵਿੱਚ ਅੱਗ ਬੁਝਾਈ ਅਤੇ ਇੱਕ ਕੰਬਾਈਨ ਜ਼ਬਤ ਕੀਤੀ।
ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਵਟਸਐਪ ਨੰਬਰ ਜਾਰੀ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵਟਸਐਪ ਨੰਬਰ 86999-84423 ’ਤੇ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਆਈਆਈ ਫਾਊਂਡੇਸ਼ਨ ਅਤੇ ਸਿੰਜੈਂਟਾ ਐੱਨਜੀਓ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਜ਼ਿਲ੍ਹੇ ਦੇ 10 ਪਿੰਡਾਂ ਨੂੰ ਵਿਸ਼ੇਸ਼ ਤੋਹਫ਼ੇ ਤੇ ਨਕਦ ਇਨਾਮ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਹੈ।