ਪਾਤੜਾਂ (ਪੱਤਰ ਪ੍ਰੇਰਕ): ਟਰੈਫਿਕ ਪੁਲੀਸ ਪਾਤੜਾਂ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਨਾਲ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਵਿਸ਼ੇਸ਼ ਨਾਕੇਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੀਤੇ। ਇਸੇ ਦੌਰਾਨ ਸਾਇਲੈਂਸਰ ਨਾਲ ਛੇੜਛਾੜ ਕਰਨ ਵਾਲੇ ਕਈ ਮੋਟਰਸਾਈਕਲਾਂ ਦੇ ਮੌਕੇ ਉੱਤੇ ਹੀ ਸਾਈਲੈਂਸਰ ਉਤਾਰੇ ਗਏ। ਟ੍ਰੈਫਿਕ ਪੁਲੀਸ ਪਾਤੜਾਂ ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਉੱਚ ਪੁਲੀਸ ਅਧਿਕਾਰੀਆਂ ਦੀਆਂ ਹਦਾਇਤਾਂ ਉੱਤੇ ਬੁਲੇਟ ਮੋਟਰਸਾਈਕਲਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਕੀਤੀ ਗਈ ਨਾਕੇਬੰਦੀ ਦੌਰਾਨ ਦਰਜਨ ਦੇ ਕਰੀਬ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਹਨ। ਇਸ ਮੌਕੇ ਏਐਸਆਈ ਤੇਜਾ ਸਿੰਘ, ਏਐਸਆਈ ਹਰਬੰਸ ਲਾਲ, ਹੌਲਦਾਰ ਰਘਬੀਰ ਸਿੰਘ ਆਦਿ ਮੌਜੂਦ ਸਨ।