ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਦਸੰਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇਥੇ ਮੁਕੰਮਲ ਬੰਦ ਰਿਹਾ। ਕਿਸਾਨਾਂ, ਖਾਸ ਕਰਕੇ ਨੌਜਵਾਨ ਕਿਸਾਨਾਂ ਨੇ ਜਿਥੇ ਸ਼ਾਹੀ ਸ਼ਹਿਰ ਅਤੇ ਇਲਾਕੇ ਵਿਚ ਟਰੈਕਟਰ ਮਾਰਚ ਕਰਦਿਆਂ ਇਥੇ ਖੰਡਾ ਚੌਕ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਉਥੇ ਹੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠਾਂ ਸਮੁੱਚੇ ਜ਼ਿਲ੍ਹੇ ’ਚ 11 ਤੋਂ 3 ਵਜੇ ਤੱਕ ਮੁਕੰਮਲ ਚੱਕਾ ਜਾਮ ਰਿਹਾ। ਕਿਸਾਨਾਂ ਤੇ ਹੋਰ ਵਰਗਾਂ ਨੇ ਜ਼ਿਲ੍ਹੇ ’ਚ ਕਈ ਥਾਈਂ ਧਰਨੇ ਦੇ ਕੇ ਕੇਂਦਰੀ ਹਕੂਮਤ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ।
ਇਸ ਦੌਰਾਨ ਪਟਿਆਲਾ ਖੇਤਰ ਵਿਚ ਪ੍ਰਮੁੱਖ ਰੂਪ ਵਿਚ ਜੀਰਕਪੁਰ-ਬਠਿੰਡਾ ਹਾਈਵੇਅ ’ਤੇ ਧਰੇੜੀ ਜੱਟਾਂ ਟੌਲ ਪਲਾਜ਼ਾ ਤੇ ਪਸਿਆਣਾ ਪੁਲ਼ਾਂ ’ਤੇ ਵੀ ਧਰਨੇ ਦਿੱਤੇ। ਸਰਹਿੰਦ ਰੋਡ ’ਤੇ ਸਥਿਤ ਬਾਰਨ ਪਿੰਡ ਕੋਲ਼ ਵੀ ਵੱਡਾ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ, ਵਾਲਮੀਕ ਸਭਾ, ਟੈਕਸੀ ਯੂਨੀਅਨ, ਟਰੱਕ ਯੂਨੀਅਨ, ਗੈਸ ਵਰਕਰ ਯੂਨੀਅਨ, ਲਾਇਰਜ ਐਸੋਸੀਏਸ਼ਨ, ਦੋਧੀ ਯੂਨੀਅਨ, ਡੀਟੀਐਫ਼ ਸਣੇ ਹੋਰ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ। ਇਨ੍ਹਾਂ ਧਰਨਿਆਂ ਦੌਰਾਨ ਬੀਬੀਆਂ ਅਤੇ ਬੱਚਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਜ਼ਿਲ੍ਹੇ ਵਿਚਲੇ ਸਾਰੇ ਧਰਨਿਆਂ ’ਚ ਲੋਕਾਂ ਨੇ ਉਤਸ਼ਾਹ ’ਚ ਸ਼ਿਰਕਤ ਕੀਤੀ। ਇਸ ਦੌਰਾਨ ਐਂਬੂਲੈਂਸਾਂ ਤੇ ਬਰਾਤ ਵਾਲ਼ੀਆਂ ਗੱਡੀਆਂ ਨੂੰ ਨਹੀਂ ਰੋਕਿਆ ਗਿਆ।
ਰਾਜਪੁਰਾ (ਪੱਤਰ ਪ੍ਰੇਰਕ) ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਨੂੰ ਰਾਜਪੁਰਾ ਖੇਤਰ ’ਚ ਭਰਵਾਂ ਹੁੰਗਾਰਾਂ ਮਿਲਿਆ ਹੈ। ਸ਼ਹਿਰ ਦੇ ਬਾਜ਼ਾਰ ਅਨਾਜ ਮੰਡੀ, ਪੈਟਰੋਲ ਪੰਪ ਸਮੇਤ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਬੈਂਕਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਖੇਤਰ ਵਿੱਚੋਂ ਗੁਜਰਦੀ ਰਾਜਪੁਰਾ-ਸਰਹਿੰਦ ਜੀਟੀ ਰੋਡ ਤੇ ਪਟਿਆਲਾ ਬਾਈਪਾਸ ਵਾਲੇ ਟੀ-ਪੁਆਇੰਟ ਤੇ ਰਾਜਪੁਰਾ ਚੰਡੀਗੜ੍ਹ ਰੋਡ ’ਤੇ ਜਨਸੂਆ ’ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਸੜਕੀ ਆਵਾਜਾਈ ਠੱਪ ਕਰਕੇ ਰੋਸ ਧਰਨਾਂ ਦਿੱਤਾ ਗਿਆ। ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਲੰਘੇ ਢਾਈ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਨੂੰ ਬਹੁਗਿਣਤੀ ਸਿਆਸੀ ਪਾਰਟੀਆਂ ਟਰੇਡ ਯੂਨਿਅਨਾਂ, ਆੜ੍ਹਤੀ ਤੇ ਹੋਰ ਕਾਰੋਬਾਰੀਆਂ ਦਾ ਸਮਰਥਨ ਮਿਲਣ ਦੇ ਬਾਵਜੂਦ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਆਪਣੇ ਚਹੇਤੇ ਕਾਰਪੋਰਟ ਘਰਾਣਿਆਂ ਨੂੰ ਖੁਸ਼ ਕਰਨ ਲਈ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ। ਜਿਸ ਕਾਰਨ ਸਮਾਜ ਦੇ ਹਰ ਵਰਗ ’ਚ ਸਰਕਾਰ ਪ੍ਰਤੀ ਤਿੱਖਾ ਰੋਸ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਹੈ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਅੜੀਅਲ ਵਤੀਰਾ ਛੱਡ ਕੇ ਇਨ੍ਹਾਂ ਨੂੰ ਤਰੁੰਤ ਰੱਦ ਕਰੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਕਰਨ ਵਿੱਚ ਦੇਰੀ ਕੀਤੀ ਤਾਂ ਕਿਸਾਨ ਆਪਣਾ ਸੰਘਰਸ਼ ਤੇਜ਼ ਕਰਨਗੇ।