ਸ਼ੰਭੂੁ ਬੈਰੀਅਰ ’ਤੇ ਸੱਤ ਘੰਟੇ ਚੱਕਾ ਜਾਮ

ਸ਼ੰਭੂੁ ਬੈਰੀਅਰ ’ਤੇ ਸੱਤ ਘੰਟੇ ਚੱਕਾ ਜਾਮ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੰਮ੍ਰਿਤਸਰ ਨੇੜੇ ਪਿੰਡ ਦੇਵੀਦਾਸ ਪੁਰਾ ਵਿਚ ਰੇਲ ਪਟੜੀਆਂ ’ਤੇ ਡਟੀਆਂ ਹੋਈਆਂ ਕਿਸਾਨ ਬੀਬੀਆਂ। -ਫੋਟੋ: ਵਿਸ਼ਾਲ ਕੁਮਾਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ

ਕੇਂਦਰੀ ਹਕੂਮਤ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਮਾਜਸੇਵੀ ਲੱਖਾ ਸਿਧਾਣਾ ਅਤੇ ਫਿਲਮੀ ਕਲਾਕਾਰ ਦੀਪ ਸੰਧੂ ਸਮੇਤ ਕੁਝ ਹੋਰਨਾਂ ਦੀ ਸਾਂਝੀ ਅਗਵਾਈ ਹੇਠ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ ਪੁੁੱਜੇ ਹਜ਼ਾਰਾਂ ਨੌਜਵਾਨਾਂ ਨੇ ਕਿਸਾਨ ਅੰਦੋਲਨ ’ਚ ਨਵੀਂ ਰੂਹ ਫੂਕ ਦਿੱਤੀ। ਨੌਜਵਾਨਾਂ ਦੇ ਇਸ ਧਰਨੇ ਕਾਰਨ ਇਥੇ ਲਗਾਤਾਰ ਸੱਤ ਘੰਟੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਜਾਮ ਰਿਹਾ। ਖੁਫ਼ੀਆ ਏਜੰਸੀਆਂ ਇਸ ਧਰਨੇ ਵਿਚਲੇ ਇਕੱਠ ਨੂੰ ਪੰਜ ਹਜ਼ਾਰ ਦੇ ਕਰੀਬ ਦੱਸ ਰਹੀਆਂ ਹਨ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਨੌਜਵਾਨ ਵਰਗ ਦੀਆਂ ਹੋਰ ਵਧੇਰੇ ਮੁਸ਼ਕਲਾਂ ਤੇ ਮੰਗਾਂ ਹਨ, ਪਰ ਅੱਜ ਉਹ ਸਿਰਫ਼ ਕੇਂਦਰ ਦੇ ਕਿਸਾਨ ਵਿਰੋਧੀ ਵਤੀਰੇ ਦੇ ਖ਼ਿਲਾਫ਼ ਇਕੱਠੇ ਹੋਏ ਹਨ। ਇਸ ਦੌਰਾਨ ਨੌਜਵਾਨਾਂ ਨੇ ਕੇਂਦਰ ਖ਼ਿਲਾਫ਼ ਤਿੱਖੇ ਨਾਅਰੇ ਲਾਏ। ਇਸ ਵਿੱਚ ਭਾਵੇਂ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਲੋਕ ਵੀ ਮੌਜੂਦ ਸਨ ਪਰ ਮੁੱਖ ਰੂਪ ਵਿੱਚ ਇਹ ਨੌਜਵਾਨਾਂ ਦਾ ਇਕੱਠ ਹੀ ਹੋ ਨਿੱਬੜਿਆ।

ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਹੁਣ ਇਨ੍ਹਾਂ ਰਾਜਸੀ ਧਿਰਾਂ ਦੇ ਬਹਿਕਾਵੇ ’ਚ ਆਉਣ ਵਾਲਾ ਨਹੀਂ। ਨੌਜਵਾਨ ਵਰਗ ਜਾਗ ਚੁੱਕਾ ਹੈ। ਨੌਜਵਾਨਾਂ ਨੇ ਕੇਂਦਰ ਸਮੇਤ ਕਿਸਾਨਾਂ ਅਤੇ ਨੌਜਵਾਨਾਂ ਪ੍ਰਤੀ ਮਾੜਾ ਵਤੀਰਾ ਅਪਣਾਉਣ ਵਾਲੀਆਂ ਬਾਕੀ ਧਿਰਾਂ ਨੂੰ ਚਿਤਾਵਨੀ ਕੀਤਾ ਕਿ ਜੇ ਉਨ੍ਹਾਂ ਨੇ ਆਪਣੇ ਅਜਿਹੇ ਮਾਰੂ ਮਨਸੂਬੇ ਨਾ ਬਦਲੇ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਪਟਿਆਲਾ ਵਿੱਚ ਸ਼ੁੱਕਰਵਾਰ ਨੂੰ ਖੇਤੀ ਬਿੱਲਾਂ ਖ਼ਿਲਾਫ਼ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ’ਤੇ ਬੰਦ ਪਈਆਂ ਦੁਕਾਨਾਂ ਦਾ ਦ੍ਰਿਸ਼। -ਫੋਟੋ: ਰਾਜੇਸ਼ ਸੱਚਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲਾਕਾਰ ਦੀਪ ਸਿੱਧੂ ਨੇ ਕਿਹਾ ਕਿ ਗੁਲਾਮੀ ਨੂੰ ਗਲੋਂ ਲਾਹੁਣ ਲਈ ਲੜਨਾ ਪੈਣਾ ਹੈ। ਨੌਜਵਾਨਾਂ ਨੇ ਆਪਣੇ ਹੱਕ ਲੈਣ ਲਈ ਲੜਾਈ ਵਿੱਢ ਦਿੱਤੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜੋ ਦਰੁਸਤ ਨਹੀਂ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ, ਤਾਂ ਪੰਜਾਬ ਦੇ ਨੌਜਵਾਨ ਵੀ ਦਿੱਲੀ ਵਾਲਿਆਂ ਨੂੰ ਪੰਜਾਬ ’ਚ ਨਹੀਂ ਵੜਨ ਦੇਣਗੇ। ਧਰਨੇ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲੱਗੇ, ਜਿਸ ਸਬੰਧੀ ਪੁਲੀਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ, ਹਰਜੀਤ ਹਰਮਨ ਤੇ ਜੱਸ ਬਾਜਵਾ ਸਮੇਤ ਹੋਰ ਕਲਾਕਾਰ, ਸਮਾਜਸੇਵੀ ਤੇ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ ਹਾਜ਼ਰ ਸਨ।

 ਪਿੰਡ ਦੇਵੀਦਾਸ ਪੁਰਾ ਵਿਚ ਪ੍ਰਦਰਸ਼ਨਕਾਰੀਆਂ ਲਈ ਲੰਗਰ ਤਿਆਰ ਕਰਦੇ ਹੋਏ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਸੰਪਰਦਾ ਦੇ ਸੇਵਾਦਾਰ। ਫੋਟੋ: ਵਿਸ਼ਾਲ ਕੁਮਾਰ

ਖੇਤ ਮਜ਼ਦੂਰਾਂ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਵੰਗਾਰਿਆ

ਚੰਡੀਗੜ੍ਹ (ਟ੍ਰਿਬਿਊਨ ਨਿਊਜ ਸਰਵਿਸ): ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਬੰਦ ਦੀ ਹਮਾਇਤ ’ਚ ਉੱਤਰਦਿਆਂ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ 50 ਥਾਵਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ ਅਤੇ ਰੇਲ ਤੇ ਸੜਕੀ ਆਵਾਜਾਈ ਰੋਕੀ ਗਈ। ਇਸ ਸਬੰਧੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਜਲੰਧਰ ਤੇ ਸੰਗਰੂਰ ’ਚ ਖੇਤ ਮਜ਼ਦੂਰਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਵੱਖ-ਵੱਖ ਥਾਵਾਂ ’ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਇਨ੍ਹਾਂ ਆਰਡੀਨੈਂਸਾਂ ਦੇ ਕਾਨੂੰਨੀ ਰੂਪ ਲੈਣ ਨਾਲ ਜ਼ਖੀਰੇਬਾਜ਼ੀ ਤੇ ਕਾਲਾ ਬਾਜ਼ਾਰੀ ਵਧਣ ਅਤੇ ਜਨਤਕ ਵੰਡ ਪ੍ਰਣਾਲੀ ਖ਼ਤਮ ਹੋਣ ਦਾ ਸਭ ਤੋਂ ਵੱਧ ਖਮਿਆਜ਼ਾ ਖੇਤ ਮਜ਼ਦੂਰਾਂ ਤੇ ਸ਼ਹਿਰੀ ਗਰੀਬਾਂ ਨੂੰ ਭੁਗਤਣਾ ਪਵੇਗਾ। ਠੇਕਾ ਖੇਤੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਸਦਕਾ ਮਜ਼ਦੂਰਾਂ ਨੂੰ ਖੇਤੀ ’ਚੋਂ ਮਿਲਦਾ ਨਿਗੂਣਾ ਰੁਜ਼ਗਾਰ ਵੀ ਖ਼ਤਮ ਹੋ ਜਾਵੇਗਾ। ਉਨ੍ਹਾਂ ਮਾਈਕ੍ਰੋਫਾਈਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਤੇ ਔਰਤਾਂ ਸਿਰ ਚੜ੍ਹੇ ਸਾਰੇ ਕਰਜ਼ੇ ਖ਼ਤਮ ਕਰਨ, ਬਿਜਲੀ ਬਿੱਲ ਮੁਆਫ ਕਰਨ ਤੇ ਰੁਜ਼ਗਾਰ ਗਾਰੰਟੀ ਤੋਂ ਇਲਾਵਾ ਖੇਤੀ ਆਰਡੀਨੈਂਸ ਰੱਦ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਮੁਲਕ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ ਅਤੇ ਦੇਸ਼ ਦੇ ਸਾਰੇ ਕੁਦਰਤੀ ਸੋਮਿਆਂ ਨੂੰ ਵੇਚ ਰਹੀ ਹੈ। ਉਨ੍ਹਾਂ ਆਖਿਆ ਕਿ ਜਿਵੇਂ ਕੇਂਦਰ ਸਰਕਾਰ ਵੱਲੋਂ ਰਾਜ ਸਭਾ ’ਚ ਸਭਨਾਂ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇਹ ਆਰਡੀਨੈਂਸ ਪਾਸ ਕਰਵਾਏ ਗਏ ਹਨ, ਉਹ ਇਸ ਹਕੂਮਤ ਦੇ ਤਾਨਾਸ਼ਾਹ ਰਵੱਈਏ ਦਾ ਇੱਕ ਹੋਰ ਵੱਡਾ ਸਬੂਤ ਹੈ। ਉਨ੍ਹਾਂ ਕੇਂਦਰ ਸਰਕਾਰ ਦੇ 44 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਲੇਬਰ ਕੋਡ ਬਣਾਉਣ ਦੇ ਕਦਮ ਨੂੰ ਮਜ਼ਦੂਰ ਵਰਗ ਦੇ ਹੱਕਾਂ ’ਤੇ ਵੱਡਾ ਹਮਲਾ ਕਰਾਰ ਦਿੱਤਾ। ਅੱਜ ਦੇ ਇਕੱਠਾਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਵਿੱਤ ਸਕੱਤਰ ਹਰਮੇਸ਼ ਮਾਲੜੀ, ਗੁਰਪਾਲ ਸਿੰਘ ਨੰਗਲ, ਬਲਵੰਤ ਸਿੰਘ ਬਾਘਾਪੁਰਾਣਾ, ਤਰਸੇਮ ਸਿੰਘ ਖੁੰਡੇ ਹਲਾਲ ਤੇ ਹਰਭਗਵਾਨ ਸਿੰਘ ਨੇ ਸੰਬੋਧਨ ਕੀਤਾ।

‘ਪੰਜਾਬ ਬੰਦ’ ਦੇ ਸੱਦੇ ਨੂੰ ਜਲੰਧਰ ਵਿੱਚ ਭਰਵਾਂ ਹੁੰਗਾਰਾ

ਫਗਵਾੜਾ ਵਿੱਚ ਸ਼ੁੱਕਰਵਾਰ ਨੂੰ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਮਲਕੀਅਤ ਸਿੰਘ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਿੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਜਲੰਧਰ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਪੂਰਾ ਸ਼ਹਿਰ ਮੁਕੰਮਲ ਬੰਦ ਰਿਹਾ। ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿੱਚ ਮੁਲਾਜ਼ਮ ਜਥੇਬੰਦੀਆਂ, ਸਮਾਜਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਸਮੇਤ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ ਦੋਆਬਾ, ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਸਭਾ ਸਮੇਤ 31 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਇੱਥੋਂ ਦੇ ਪੀਏਪੀ ਚੌਕ ਵਿੱਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਨੈਸ਼ਨਲ ਹਾਈਵੇਅ ਜਾਮ ਕੀਤਾ। ਇਸ ਰੋਸ ਧਰਨੇ ਵਿੱਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ, ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ, ਭਲਵਾਨ ਕਰਤਾਰ ਸਿੰਘ, ਬਸਪਾ ਵੱਲੋਂ ਬਲਵਿੰਦਰ ਕੁਮਾਰ ਸਮੇਤ ਹੋਰ ਆਗੂ ਤੇ ਕਾਰਕੁਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਪ੍ਰਦਰਸ਼ਨ ਵਿੱਚ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਸਿੰਘ, ਜਗਜੀਤ ਸਿੰਘ ਗਾਬਾ, ਸੁਖਵਿੰਦਰ ਸਿੰਘ ਕੋਟਲੀ, ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਤੇ ਦੁਕਾਨਦਾਰਾਂ ਨੇ ਸ਼ਮੂਲੀਅਤ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਸੜਕਾਂ ’ਤੇ ਧਰਨੇ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸਵੇਰੇ ਸਬਜ਼ੀ ਮੰਡੀ ਖੁੱਲ੍ਹੀ ਪਰ ਮੌਕੇ ’ਤੇ ਕਈ ਕਿਸਾਨਾਂ ਨੇ ਮੰਡੀ ਵਿੱਚ ਜਾ ਕੇ ਸਾਰਾ ਕੁਝ ਬੰਦ ਕਰਵਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...