ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 22 ਮਾਰਚ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਇਸ ਸਮੇ ਮੁਲਾਜ਼ਮਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਇਹ ਪ੍ਰਗਟਾਵਾ ਇਥੇ ਐਂਪਲਾਈਜ਼ ਫੈਡਰੇਸ਼ਨ ਦੇ ਮੁੱਖ ਦਫਤਰ ਵਿੱਚ ਸਨਮਾਨ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਮੁਲਾਜ਼ਮ ਫਰੰਟ ਪੰਜਾਬ ਦੇ ਪੁਨਰ ਗਠਨ ਦੌਰਾਨ ਫਰੰਟ ਦੇ ਨਿਯੁਕਤ ਕੀਤੇ ਗਏ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਕੀਤਾ। ਜਥੇਬੰਦੀ ਦੇ ਮੁੱਖ ਦਫਤਰ ਤੇ ਪਟਿਆਲਾ ਸਰਕਲ ਦੇ ਅਹੁਦੇਦਾਰਾਂ ਨੇ ਮੱਖਣ ਸਿੰਘ ਅਤੇ ਜਗਜੀਤ ਸਿੰਘ ਮੱਤੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ।ਇਸ ਮੌਕੇ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਵੱਲੋ ਮੁਲਾਜ਼ਮ ਫਰੰਟ ਪੰਜਾਬ ਦੇ ਪੁਨਰ ਗਠਨ ਦਾ ਸਵਾਗਤ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਿੱਚ ਅਸਫ਼ਲ ਸਿੱਧ ਹੋਈ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਪੂਰੇ ਸਕੇਲ ਵਿੱਚ ਨਵੀਂ ਭਰਤੀ ਕੀਤੀ ਜਾਵੇ ਅਤੇ ਮੁਲਾਜ਼ਮਾਂ ਦੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੁ ਕੀਤੀ ਜਾਵੇ।