ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਈ
ਪੰਜਾਬੀ ਯੂਨੀਵਰਸਿਟੀ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵੱਲੋਂ ਚੇਅਰ ਦੇ ਕੋਆਰਡੀਨੇਟਰ ਪ੍ਰੋ. ਭੀਮਇੰਦਰ ਸਿੰਘ ਦੀ ਦੇਖਰੇਖ ਹੇਠ ਸੰਗੀਤ ਵਿਭਾਗ, ਨ੍ਰਿਤ ਵਿਭਾਗ, ਥੀਏਟਰ ਅਤੇ ਟੀਵੀ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਚਿੰਤਕ ਪ੍ਰੋ. ਜਗਮੋਹਨ ਸਿੰਘ ਵੱਲੋਂ ‘ਆਜ਼ਾਦੀ ਦੇ 75ਵੇਂ ਵਰ੍ਹੇ ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਮੁੱਖ ਭਾਸ਼ਣ ਦਿੱਤਾ ਗਿਆ ਜਿਸ ਦੌਰਾਨ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੇ ਹਵਾਲੇ ਨਾਲ, ਉਨ੍ਹਾਂ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਚੇਤਨਾ ਅਤੇ ਚਿੰਤਨ ਦੀ ਭੂਮਿਕਾ ਬਾਰੇ ਚਾਨਣ ਪਾਇਆ। ਸਮਾਗਮ ਦੀ ਪ੍ਰਧਾਨਗੀ ਡੀਨ ਅਲੂਮਨੀ ਪ੍ਰੋ. ਸਤਨਾਮ ਸਿੰਘ ਸੰਧੂ ਨੇ ਕੀਤੀ। ਦੂਜੇ ਪੜਾਅ ਵਿੱਚ ਕਰਵਾਏ ਗਏ ਇਨਕਲਾਬੀ ਵਿਰਾਸਤ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਵਿਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਗਾਇਨ ਅਤੇ ਗਦਰ ਕਾਵਿ ਦਾ ਗਾਇਨ ਕੀਤਾ। ਸਰਕਾਰੀ ਫੀਲਖਾਨਾ ਸਕੂਲ ਦੇ ਬੱਚਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵਾਰ ਦਾ ਗਾਇਨ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਪ੍ਰੋ. ਭੀਮਇੰਦਰ ਸਿੰਘ ਨੇ ਸਵਾਗਤ ਕੀਤਾ। ਮੰਚ ਸੰਚਾਲਨ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਿਵੇਦਿਤਾ ਸਿੰਘ ਵੱਲੋਂ ਕੀਤਾ ਗਿਆ।