ਪੱਤਰ ਪ੍ਰੇਰਕ
ਘਨੌਰ, 4 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਨਾਲ ਵਾਰ ਵਾਰ ਮੀਟਿੰਗਾਂ ਜਾਂ ਗੱਲਬਾਤ ਕਰਨ ਦੀ ਬਜਾਏ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਅੱਜ ਸਮੁੱਚੇ ਦੇਸ਼ ਦੀ ਅਵਾਜ਼ ਬਣ ਚੁੱਕਿਆ ਹੈ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਖੇਤੀ ਕਾਨੂੰਨ ਬਿਨਾਂ ਸੋਚੇ ਸਮਝੇ ਕਿਸਾਨਾਂ ’ਤੇ ਥੋਪਣਾ ਕੇਂਦਰ ਦੀ ਭਾਜਪਾ ਸਰਕਾਰ ਦਾ ਉਚਿਤ ਕਦਮ ਨਹੀਂ। ਬੀਬੀ ਜਗੀਰ ਕੌਰ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਹਲਕਾ ਘਨੌਰ ਵਿੱਚ ਪੈਂਦੇ ਮਦਨਪੁਰ ਚਲਹੇੜੀ ਨੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਦੋਲਨਕਾਰੀ ਕਿਸਾਨਾਂ ਅਤੇ ਰਾਹਗੀਰਾਂ ਲਈ ਲਗਾਏ ਜਾ ਰਹੇ ਲੰਗਰ ਅਤੇ ਰਿਹਾਇਸ਼ੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ।ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੋਹੜਾ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੋਹੜਾ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਉਹਨਾਂ ਦੇ ਨਾਲ ਸਨ।