ਪੱਤਰ ਪ੍ਰੇਰਕ
ਪਟਿਆਲਾ, 26 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬੀਬੀਐੱਮਬੀ ‘ਚ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰ ਕੇ ਸੂਬਿਆਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਵੀ ਪਿਛਲੀਆਂ ਕਾਂਗਰਸੀ ਸਰਕਾਰਾਂ ਦੇ ਰਾਹ ‘ਤੇ ਅੱਗੇ ਤੁਰਦਿਆਂ ਸੂਬਿਆਂ ਦੇ ਅਧਿਕਾਰ ਖੇਤਰਾਂ ਨੂੰ ਛਾਂਗਣ ਵਾਲੀ ਕੋਝੀ ਸਾਜ਼ਿਸ਼ ਰਚੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਪੰਜਾਬ ਵਿਰੋਧੀ ਫ਼ੈਸਲਾ ਵਾਪਸ ਨਾ ਲਿਆ ਤਾਂ ਲੋੜ ਪੈਣ ‘ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ। ਸ੍ਰੀ ਚੰਦੂਮਾਜਰਾ ਨੇ ਇਸ ਮੌਕੇ ਕੇਂਦਰੀ ਬਿਜਲੀ ਮੰਤਰੀ ਤੋਂ 28 ਫਰਵਰੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਕਿ ਸੁੱਤੀ ਹੋਈ ਕੇਂਦਰ ਨੂੰ ਹਲੂਣਾ ਦੇ ਕੇ ਸੂਬਿਆਂ ਦੇ ਅਧਿਕਾਰਾਂ ‘ਚ ਦਖ਼ਲ ਦੇਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਰਾਜਸੀ ਧਿਰਾਂ ਨੂੰ ਕੇਂਦਰ ਦੇ ਇਸ ਪੰਜਾਬ ਵਿਰੋਧੀ ਨਾਦਰਸ਼ਾਹੀ ਫ਼ੈਸਲੇ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਕਾਸ਼ਦੀਪ ਸਿੰਘ ਨੋਰੰਗਵਾਲ ਤੇ ਸੁਰਿੰਦਰਜੀਤ ਸਿੰਘ ਸਨੀ ਹਸਨਪੁਰ ਵੀ ਹਾਜ਼ਰ ਸਨ।