ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਕਤੂਬਰ
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਐਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਮਾਨਸਿਕ ਸਿਹਤ ਹਫ਼ਤਾ ਮਨਾਉਣ ਦੇ ਮਕਸਦ ਨਾਲ ਕੈਂਪਸ ਰੈਲੀ ਕੱਢੀ ਗਈ। ਯੂਨੀਵਰਸਿਟੀ ਕੈਂਪਸ ਵਿਚ ਤਿੰਨ ਵੱਖ-ਵੱਖ ਥਾਵਾਂ ਉੱਪਰ ਨੁੱਕੜ ਨਾਟਕ ਖੇਡੇ ਗਏ। ਮਨੋਵਿਗਿਆਨ ਵਿਭਾਗ ਵਿਚ ਇਸ ਪ੍ਰੋਗਰਾਮ ਦਾ ਉਦਘਾਟਨ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕੀਤਾ ਗਿਆ। ਇਨ੍ਹਾਂ ਵੱਲੋਂ ਮਨੋਵਿਗਿਆਨ ਵਿਭਾਗ ਦੀਆਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਡੀਨ ਸੋਸ਼ਲ ਸਾਇੰਸਜ਼ ਪ੍ਰੋ. ਹਰਵਿੰਦਰ ਕੌਰ ਅਤੇ ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ ਨਾਲ਼ ਰਹੇ।
ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਵੱਲੋਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਰਾਬਰ ਰੂਪ ਵਿਚ ਸ਼ਾਮਲ ਕਰਨ ਵਾਲੀ ਸਿਹਤ ਦੀ ਧਾਰਨਾ ਉੱਪਰ ਜ਼ੋਰ ਦਿੱਤਾ ਗਿਆ। ਉਨ੍ਹਾਂ ਵੱਲੋਂ ਮਾਨਸਿਕ ਸਿਹਤ ਦਿਵਸ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟਾਏ ਗਏ। ਮਨੋਵਿਗਿਆਨ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਰੈਲੀ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਮਮਤਾ ਸ਼ਰਮਾ ਵੱਲੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਦੱਸਿਆ ਗਿਆ। ਨਾਟਕ ਦੀ ਆਰਟਸ ਬਲੌਕ-2 ਵਿਚ ਪਹਿਲੀ ਪੇਸ਼ਕਾਰੀ ਦਿੱਤੀ ਗਈ, ਯੂਨੀਵਰਸਿਟੀ ਇੰਜਨੀਅਰਿੰਗ ਕਾਲਜ ਨੇੜੇ ਦੂਜੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਨੇੜੇ ਤੀਜੀ ਪੇਸ਼ਕਾਰੀ ਦਿੱਤੀ ਗਈ।