ਰਵੇਲ ਸਿੰਘ ਭਿੰਡਰ
ਪਟਿਆਲਾ, 16 ਸਤੰਬਰ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦਾ ਪਹਿਲਾ ਸਥਾਪਨਾ ਦਿਵਸ ਅੱਜ ਇੱਥੇ ਫੁਹਾਰਾ ਚੌਕ ਨੇੜੇ ਮਹਿੰਦਰਾ ਕੋਠੀ ਵਿੱਚ ਸਥਿਤ ਯੂਨੀਵਰਸਿਟੀ ਕੈਂਪਸ ਵਿਖੇ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਖੇਡ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇਐੱਸ ਚੀਮਾ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਰਾਜ ’ਚ ਖੇਡ ਸੱਭਿਆਚਾਰ ਸਿਰਜੇਗੀ। ਇਸ ਦੌਰਾਨ ਮਿਸ਼ਨ ਫ਼ਤਹਿ ਕਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਸਰੀਰ ਦੀ ਰੋਗ ਨਿਰੋਧਕ ਸ਼ਕਤੀ ਵਧਾਉਣ ’ਚ ਲਾਹੇਵੰਦ ਯੋਗ ਦੇ ਫਾਇਦੇ ਦੱਸਣ ਲਈ ਯੋਗਾ ਪ੍ਰਦਰਸ਼ਨੀ ਕੈਂਪ ਲਗਾਇਆ ਗਿਆ। ਇਸ ਦੌਰਾਨ ਐੱਨਆਈਐੱਸ ਦੇ ਮੁੱਖ ਯੋਗਾ ਕੋਚ ਡਾ. ਸੀਕੇ ਮਿਸ਼ਰਾ ਨੇ ਯੋਗ ਕਰਵਾਇਆ। ਇਸ ਮੌਕੇ ਤਲਵਾਰਬਾਜ਼ੀ ਦੀ ਕੌਮੀ ਖਿਡਾਰਨ ਅਤੇ ਯੋਗਾ ਵਿਦਿਆਰਥਣ ਮਿਸ ਪ੍ਰਤਿਸ਼ਾ ਮਿਸ਼ਰਾ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਇੰਚਾਰਜ ਸੁਰਭੀ ਮਲਿਕ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਐੱਨਐੱਸਐਸ ਕੋਆਰਡੀਨੇਟਰ ਡਾ. ਪਰਮਵੀਰ ਸਿੰਘ, ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਿਕ ਸਿੱਖਿਆ ਕਾਲਜ ਦੀ ਪ੍ਰਿੰਸੀਪਲ ਹਰਪਾਲ ਕੌਰ, ਪ੍ਰੋ. ਅੰਮ੍ਰਿਤਪਾਲ ਧੀਮਾਨ ਮੌਜੂਦ ਸਨ।