ਪੱਤਰ ਪ੍ਰੇਰਕ
ਪਟਿਆਲਾ, 28 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਅੱਜ ਇੱਥੇ ਦਿਹਾਤੀ ਅਤੇ ਸ਼ਹਿਰੀ ਖੇਤਰ ਵਿਚ ਮਨਾਇਆ ਗਿਆ। ਪਟਿਆਲਾ ਦਿਹਾਤੀ ਵਿਚ ਸੇਵਾ ਮੁਕਤ ਮੇਜਰ ਆਰਪੀਐੱਸ ਮਲਹੋਤਰਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਪ੍ਰਿੰ. ਜੇਪੀ ਸਿੰਘ, ਪ੍ਰੀਤੀ ਮਲਹੋਤਰਾ, ਮੇਘ ਚੰਦ ਸ਼ੇਰਮਾਜਰਾ, ਕਰਨਵੀਰ ਟਿਵਾਣਾ, ਸਰਬਜੀਤ ਉੱਖਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਜੋ ਦੇਸ਼ ਅਜ਼ਾਦ ਕਰਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ। ਇਸ ਤਰ੍ਹਾਂ ਪਟਿਆਲਾ ਸ਼ਹਿਰੀ ਵਿੱਚ ਭਗਤ ਸਿੰਘ ਦਾ ਜਨਮ ਦਿਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਜਰਨੈਲ ਮੰਨੂ ਦੀ ਅਗਵਾਈ ਵਿਚ ਮਨਾਇਆ ਗਿਆ। ਆਮ ਆਦਮੀ ਪਾਰਟੀ ਵੱਲੋਂ ਇੱਥੇ ਮਾਈ ਦੀ ਸਰਾਂ ਕੋਲ ਲਗਾਏ ਸਰਦਾਰ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਭਾਟੀਆ, ਹਰਿੰਦਰ ਕੌਰ, ਪ੍ਰਦੀਪ ਗਰਗ, ਕੈਪਟਨ ਦਰਬਾਰਾ ਸਿੰਘ ਅਤੇ ਹੋਰ ਵਾਲੰਟੀਅਰ ਮੌਜੂਦ ਸਨ।
ਪਾਤੜਾਂ (ਪੱਤਰ ਪ੍ਰੇਰਕ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬਲਾਕ ਪਾਤੜਾਂ ਵੱਲੋਂ ਸ਼ਹੀਦੇ -ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਜਲ ਸਪਲਾਈ ਵਰਕਰਾਂ ਨੇ ਬਸੰਤੀ ਰੰਗ ਵਿਚ ਸੱਜ ਕੇ ਹਿੱਸਾ ਲਿਆ । ਇਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਕੱਦ ਏ ਬੁੱਤ ਨੂੰ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ।
ਘਨੌਰ (ਪੱਤਰ ਪ੍ਰੇਰਕ): ਕਸਬਾ ਘਨੌਰ ਅਤੇ ਅਜਰਾਵਰ ਵਿੱਚ ਖੱਬੇ ਪੱਖੀ ਜਨਤਕ ਜਥੇਬੰਦੀਆਂ ਕੁਲ ਹਿੰਦ ਕਿਸਾਨ ਸਭਾ, ਜਨਵਾਦੀ ਨੌਜਵਾਨ ਸਭਾ ਅਤੇ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਜਥੇਬੰਦੀਆਂ ਦੇ ਆਗੂਆਂ ਧਰਮਪਾਲ ਸਿੰਘ ਸੀਲ, ਵਿਜੈਪਾਲ ਘਨੌਰ, ਤਰਸੇਮ ਚੰਦ ਅਜਰਾਵਰ, ਪ੍ਰੇਮ ਸਿੰਘ ਘਨੌਰ, ਜਸਪਾਲ ਕੁਮਾਰ, ਸਾਹਿਲ ਕੁਮਾਰ ਅਤੇ ਅਲੀ ਖਾਨ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਭਾਏ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ।