ਪੱਤਰ ਪ੍ਰੇਰਕ
ਰਾਜਪੁਰਾ, 6 ਦਸੰਬਰ
ਪੰਜਾਬ ਸਰਕਾਰ ਵੱਲੋਂ ਮੋਤੀਆ ਮੁਕਤ ਅਭਿਆਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜੀ ਗਈ ਵੈਨ ਨੂੰ ਪੀਐੱਚਸੀ ਹਰਪਾਲਪੁਰ ਦੇ ਐੱਸਐੱਮਓ ਡਾ. ਰਵਿੰਦਰ ਸਿੰਘ ਰਿਸ਼ੀ ਵੱਲੋਂ ਹਰੀ ਝੰਡੀ ਦਿਖਾ ਕੇ ਬਲਾਕ ਦੇ ਪਿੰਡਾਂ ਵਿੱਚ ਪ੍ਰਚਾਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਰਿਸ਼ੀ ਨੇ ਦੱਸਿਆ ਕਿ ਸਰਕਾਰ ਵੱਲੋਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਅੱਖਾਂ ਦੀ ਸਕਰੀਨਿੰਗ ਕਰਵਾ ਕੇ ਚਿੱਟੇ ਮੋਤੀਏ ਤੋਂ ਪ੍ਰਭਾਵਿਤ ਲੋਕਾਂ ਦੇ ਮੋਤੀਆ ਬਿੰਦ ਦੇ ਆਪਰੇਸ਼ਨ ਮੁਫ਼ਤ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕਰੀਨਿੰਗ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਦੀ ਪਛਾਣ ਹੋਵੇਗੀ, ਉਨ੍ਹਾਂ ਲਈ ਰਾਜਪੁਰਾ, ਰਾਜਿੰਦਰਾ ਹਸਪਤਾਲ ਪਟਿਆਲਾ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਤੋਂ ਇਲਾਵਾ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਵਿੱਚ ਅਪਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਡਾ. ਨਿਪੁੰਨ ਗੁਪਤਾ, ਡਾ. ਰਾਖੀ ਚਾਵਲਾ, ਡਾ. ਅਮਿਤ ਪਰਮਾਰ, ਡਾ. ਦੀਕਸ਼ਾ, ਜਗਰੂਪ ਸਿੰਘ, ਅਮਰਿੰਦਰ ਸਿੰਘ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।