ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਾਰਚ
ਇੱਥੇ 12 ਮਾਰਚ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਵੱਖ-ਵੱਖ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਪ੍ਰੀ-ਲੋਕ ਅਦਾਲਤਾਂ ਲਗਾ ਕੇ ਉਨ੍ਹਾਂ ਦੀ ਅਦਾਲਤ ਵਿੱਚ ਆਪਣੇ ਝਗੜਿਆਂ ਦੇ ਨਿਪਟਾਰੇ ਲਈ ਆਉਣ ਵਾਲੇ ਲੋਕਾਂ ਨੂੰ ਦੁਵੱਲੇ ਝਗੜੇ ਆਪਸੀ ਸਹਿਮਤੀ ਨਾਲ ਨਬਿੇੜਨ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸੜਕ ਹਾਦਸੇ ਦੇ ਚੱਲ ਰਹੇ ਕੇਸ ਰਾਜਵਿੰਦਰ ਕੌਰ ਬਨਾਮ ਗੁਰਜੰਟ ਸਿੰਘ ਅਤੇ ਗੁਰਬੱਬਰ ਸਿੰਘ ਬਨਾਮ ਗੁਰਜੰਟ ਸਿੰਘ ਨੂੰ ਲੋਕ ਅਦਾਲਤ ’ਚ ਲਾਉਣ ਤੋਂ ਪਹਿਲਾਂ ਪ੍ਰੀ ਲੋਕ ਅਦਾਲਤ ਰਾਹੀਂ ਨਿਪਟਾ ਦਿੱਤਾ। ਕੇਸ ਕਰਨ ਵਾਲੀ ਧਿਰ ਨੂੰ ਬੀਮਾ ਕੰਪਨੀ ਵੱਲੋਂ ਹਾਦਸੇ ’ਚ ਆਪਣੀ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ 11.5 ਲੱਖ ਅਤੇ ਜਖ਼ਮੀ ਹੋਣ ਵਾਲੇ ਨੂੰ 1 ਲੱਖ ਬੀਮਾ ਕੰਪਨੀ ਤੋਂ ਅਦਾਲਤ ਦੇ ਦਖਲ ਨਾਲ ਦਿਵਾਇਆ ਗਿਆ ਅਤੇ ਕੇਸ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਬਹੁਤ ਜਲਦੀ ਕਰਵਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਚੈੱਕ ਬਾਊਂਸ ਦੇ ਵੱਖਰੇ ਮਾਮਲੇ ’ਚ ਆਪਣੇ ਕੇਸ ਦਾ ਨਿਪਟਾਰਾ ਕਰਵਾਉਣ ਵਾਲੇ ਵਿਅਕਤੀ ਨੇ ਵੀ ਲੋਕਾਂ ਨੂੰ ਆਪਣੇ ਕੇਸ ਲੋਕ ਅਦਾਲਤਾਂ ਰਾਹੀਂ ਨਬਿੇੜਨ ਦਾ ਸੱਦਾ ਦਿੱਤਾ। ਉਸ ਨੂੰ ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਉਸ ਦੇ 2.10 ਲੱਖ ਦਿਵਾਏ ਹਨ।