ਪੱਤਰ ਪ੍ਰੇਰਕ
ਘਨੌਰ, 29 ਮਈ
ਪਿੰਡ ਬਘੌਰਾ ’ਚ ਇੱਕ ਔਰਤ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਕਰਨ ਗਈ ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਦੋ ਭਰਾਵਾਂ ਖਿਲਾਫ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸਮੇਤ ਹੋਮਗਾਰਡਜ਼ ਸੁਖਦੇਵ ਸਿੰਘ ਪਿੰਡ ਬਘੋਰਾ ਵਾਸੀ ਜਸ਼ਪ੍ਰੀਤ ਕੌਰ ਵੱਲੋਂ ਪਿੰਡ ਦੇ ਵਸਨੀਕ ਮੰਗਲ ਸਿੰਘ ਪੁੱਤਰ ਕਸ਼ਮੀਰ ਸਿੰਘ ਖਿਲਾਫ ਸ਼ਿਕਾਇਤ ਦੀ ਪੜਤਾਲ ਲਈ ਪਿੰਡ ਬਘੋਰਾ ਗਏ ਅਤੇ ਜਦੋਂ ਉਨ੍ਹਾਂ ਨੇ ਮੰਗਲ ਸਿੰਘ ਨੂੰ ਬੁਲਾ ਕੇ ਸ਼ਿਕਾਇਤ ਸਬੰਧੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਮੰਗਲ ਸਿੰਘ ਉੱਚੀ-ਉੱਚੀ ਬੋਲਣ ਲੱਗਿਆ। ਇਸੇ ਦੌਰਾਨ ਉਸ ਦਾ ਭਰਾ ਹੈਰੀ ਵੀ ਆ ਗਿਆ ਅਤੇ ਮੰਗਲ ਸਿੰਘ ਨੇ ਲੱਕੜ ਨੁੰਮਾ ਹਥਿਆਰ ਚੁੱਕ ਕੇ ਮੁਦਈ ’ਤੇ ਹਮਲਾ ਕੀਤਾ। ਇਸੇ ਦੌਰਾਨ ਹੈਰੀ ਨੇ ਉਸ ਦੀ ਗੱਡੀ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੰਗਲ ਸਿੰਘ ਅਤੇ ਉਸ ਦੇ ਭਰਾ ਹੈਰੀ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਮੰਗਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਹੈਰੀ ਅਜੇ ਫਰਾਰ ਹੈ।