ਪੱਤਰ ਪ੍ਰੇਰਕ
ਦੇਵੀਗੜ੍ਹ, 24 ਮਈ
ਇਥੇ ਪਿੰਡ ਘੜਾਮ ਵਿਖੇ ਇੱਕ ਵਿਆਹੀ ਲੜਕੀ ਦਾ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਜੁਲਕਾਂ ਦੀ ਪੁਲੀਸ ਵੱਲੋਂ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਰੌਹੜ ਜਾਗੀਰ ਦੇ ਇੰਚਾਰਜ ਲਖਬੀਰ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਘੜਾਮ ਦੀ 21 ਸਾਲਾ ਲੜਕੀ ਸਿਮਰਨਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਇਸੇ ਪਿੰਡ ਦੇ ਹੀ ਲੜਕੇ ਵਿਕਰਮਜੀਤ ਸਿੰਘ ਨਾਲ ਵਿਆਹ ਕਰ ਲਿਆ ਸੀ ਅਤੇ ਆਪਣੇ ਪਤੀ ਕੋਲ ਰਹਿ ਰਹੀ ਸੀ ਪਰ ਪਿੰਡ ਦੇ ਕੁਝ ਮੋਹਤਬਰ ਵਿਅਕਤੀ ਇਸ ਲੜਕੀ ਨੂੰ ਉਸ ਦੇ ਮਾਪਿਆਂ ਦੇ ਘਰ ਲੈ ਆਏ ਅਤੇ ਇਸੇ ਹੀ ਪਿੰਡ ਦੇ ਲੜਕੇ ਹਰਜੀਤ ਸਿੰਘ ਨਾਲ ਵਿਆਹ ਕਰਵਾ ਦਿੱਤਾ ਪਰ ਲੜਕੀ ਇਸ ਕੋਲ ਨਹੀਂ ਰਹਿਣਾ ਚਾਹੁੰਦੀ ਸੀ। ਇਸ ਮਗਰੋਂ ਵਿਕਰਮਜੀਤ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਨੇ ਲੜਕੀ ਦੇ ਬਿਆਨ ਲਏ ਜਿਸ ’ਤੇ ਪੁਲੀਸ ਨੇ ਸ਼ਮਸ਼ੇਰ ਸਿੰਘ, ਜਸਵੀਰ ਸਿੰਘ, ਗੁਰਨਾਮ ਸਿੰਘ, ਜੈ ਸਿੰਘ ਅਤੇ ਸਰਬਜੀਤ ਸਿੰਘ ਵਾਸੀਆਨ ਪਿੰਡ ਘੜਾਮ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।