ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 11 ਸਤੰਬਰ
ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਬੈਂਕ ਖਾਤਾਧਾਰਕ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਖੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਨਿਰਪਾਲ ਸਿੰਘ ਵਾਸੀ ਪਿੰਡ ਖਾਨਪੁਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਹਰਜਿੰਦਰ ਸਿੰਘ ਕੋਲ ਕਿਸੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਐੱਸਬੀਆਈ ਬੈਂਕ ਦਾ ਕਰਮਚਾਰੀ ਦੱਸਦਿਆਂ ਕਿਹਾ ਕਿ ਉਸ ਦੇ ਕਰੈਡਿਟ ਕਾਰਡ ਨੂੰ ਅਪਡੇਟ ਕਰਨਾ ਹੈ। ਜਿਸ ’ਤੇ ਉਸ ਦੇ ਲੜਕੇ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਉਸ ਦਾ ਓਟੀਪੀ ਨੰਬਰ ਦੱਸ ਦਿੱਤਾ। ਜਿਸ ਨਾਲ ਅਰਵਿੰਦ ਕੁਮਾਰ ਵਾਸੀ ਸ਼ਿਵ ਪੂਰਮ ਜ਼ਿਲ੍ਹਾ ਮਿਲਤਪੁਰ ਪਾਪੁਰ ਉਤਰ ਪ੍ਰਦੇਸ਼, ਚਾਂਦਨੀ ਵਾਸੀ ਜੁਨਹੇੜਾ ਫਰੀਦਾਵਾਦ, ਸਚਿਨ ਯਾਦਵ ਵਾਸੀ ਇੰਦਰਾ ਪੂਰਮ ਗਾਜੀਆਵਾਦ, ਕੁਲਦੀਪ ਕੁਮਾਰ ਵਾਸੀ ਪਿੰਡ ਬਿੰਦੂਸਰ, ਬਜ਼ੁਰਗ ਬਰੀਆ, ਧੋਲਾ ਜ਼ਿਲ੍ਹਾ ਸ਼ਿਵਾਨ ਬਿਹਾਰ, ਆਸ਼ੂਤੋਸ਼ ਕੁਮਾਰ ਵਾਸੀ ਇੰਦਰਾ ਪੂਰਮ ਗਾਜੀਆਵਾਦ, ਵਰੂਣ ਪਰਾਸ਼ਰ ਵਾਸੀ ਸੁਭਾਨਵਰ ਮੇਰਠ ਉਤਰ ਪ੍ਰਦੇਸ਼, ਗੁਲਸ਼ਨ ਸੈਣੀ ਵਾਸੀ ਪ੍ਰਕਾਸ਼ ਨਗਰ ਕੈਂਪ ਪਾਣੀਪਤ, ਵਿਸ਼ਾਲ ਕੁਮਾਰ ਵਾਸੀ ਪੋਸਟ ਕੋਡਾ ਗਰਮਾ ਗੱਜਨਾ ਜ਼ਿਲ੍ਹਾ ਜੌਨਪੁਰ ਤੇ ਪਰਦੀਪ ਵਾਸੀ ਸਰੈਂ ਸਾਭਾ ਉਤਰ ਪ੍ਰਦੇਸ਼ ਨੇ ਉਸ ਦੇ ਖਾਤੇ ਵਿੱਚੋਂ ਇੱਕ ਲੱਖ 68 ਹਜ਼ਾਰ ਰੁਪਏ ਤੇ ਬੱਚਤ ਖਾਤੇ ’ਚੋਂ 51 ਹਜ਼ਾਰ ਰੁਪਏ ਕਢਵਾ ਲਏ। ਥਾਣਾ ਮੁਖੀ ਨੇ ਦੱਸਿਆ ਕਿ ਨਿਰਪਾਲ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਰਾਜਪੁਰਾ (ਪੱਤਰ ਪ੍ਰੇਰਕ) ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਰਸਤੇ ਸਬੰਧੀ ਝਗੜੇ ਨੂੰ ਲੈ ਕੇ ਪਿਓ-ਪੁੱਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਅਜੀਤ ਨਗਰ ਖਡੌਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿੰਡ ਦੇ ਵਸਨੀਕ ਰਿੰਕੂ, ਗੁਰਜੰਟ ਸਿੰਘ ਵਗੈਰਾ ਨਾਲ ਰਸਤੇ ਦਾ ਝਗੜਾ ਚੱਲ ਰਿਹਾ ਹੈ। ਜਿਸ ਦੀ ਰੰਜਿਸ਼ ਕਾਰਨ ਜਦੋਂ ਉਸਦਾ ਲੜਕਾ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਿੰਕੂ, ਗੁਰਜੰਟ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਸਿ਼ਿਆਮੋ ਤੇ ਬਿੱਲੋ ਨੇ ਉਸਦੀ ਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ। ਪੁਲੀਸ ਨੇ ਇਸ ਸਬੰਧੀ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।