ਪੱਤਰ ਪ੍ਰੇਰਕ
ਪਾਤੜਾਂ, 17 ਅਕਤੂਬਰ
ਪਿੰਡ ਗੁਲਾਹੜ ਦੀ ਇਕ ਵਿਧਵਾ ਔਰਤ ਸ਼ੀਲਾ ਦੇਵੀ ਨੂੰ ਢਾਈ ਸਾਲ ਪਹਿਲਾਂ ਜਾਨੋਂ ਮਾਰਨ ਦੀ ਨੀਅਤ ਨਾਲ ਕੁਝ ਲੋਕਾਂ ਨੇ ਉਸ ਦੇ ਘਰ ਨੂੰ ਅੱਗ ਲਾ ਦਿੱਤੀ ਸੀ। ਇਸੇ ਦੌਰਾਨ ਉਸ ਦੀ ਸ਼ੈੱਡ ‘ਚ ਬੰਨ੍ਹੀ ਹੋਈ ਕੀਮਤੀ ਮੱਝ ਸੜ ਕੇ ਮਰ ਗਈ ਸੀ। ਵਿਧਵਾ ਦੀ ਸ਼ਿਕਾਇਤ ’ਤੇ ਢਾਈ ਸਾਲ ਪਹਿਲਾਂ ਪੁਲੀਸ ਵਲੋਂ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲੈਣ ਉਪਰੰਤ ਮੁਲਜ਼ਮਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਉਡੀਕ ਕਰਦੀ ਉਕਤ ਔਰਤ ਨੇ ਹਾਰ ਨਹੀਂ ਮੰਨੀ ਤੇ ਉਹ ਇਨਸਾਫ ਲਈ ਦਰ ਦਰ ਭਟਕ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਮਈ 2019 ‘ਚ ਪਿੰਡ ਦੇ ਕੁਝ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਘਰ ਨੂੰ ਅੱਗ ਲਾ ਦਿੱਤੀ ਸੀ ਤੇ ਅੱਗ ਵਿੱਚ ਸੜ ਕੇ ਉਸ ਮੱਝ ਮਰ ਗਈ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਤਾਂ ਕਰਜ ਕਰ ਲਿਆ ਸੀ, ਪਰ ਉਨ੍ਹਾਂ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਅੱਗ ਲਾਉਣ ਵਾਲਿਆਂ ਦੀ ਮਿਲੀਭੁਗਤ ਨਾਲ ਮਾਮਲੇ ਨੂੰ ਲਟਕਾਇਆ ਹੋਇਆ ਹੈ ਇਸੇ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜਦੋਂ ਕਿ ਮੁਲਜ਼ਮਾਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਸਮਝੌਤਾ ਕਰਕੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।ਪੀੜਨ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਥਾਣਾ ਸ਼ੁਤਰਾਣਾ ਦੇ ਮੁਖੀ ਨੇ ਮਿਲੀਭੁਗਤ ਦੇ ਦੋਸ਼ ਨਕਾਰੇ
ਥਾਣਾ ਸ਼ੁਤਰਾਣਾ ਦੇ ਮੁਖੀ ਸ਼ਮਸ਼ੇਰ ਸਿੰਘ ਨੇ ਮੁਲਜ਼ਮਾਂ ਨਾਲ ਪੁਲੀਸ ਦੀ ਮਿਲੀਭੁਗਤ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਸ ਸਮੇਂ ਸ਼ੀਲਾ ਦੇਵੀ ਨੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਵਲੋਂ ਪੜਤਾਲ ਕਰਕੇ ਮੁਲਜ਼ਮਾਂ ਨੂੰ ਕੇਸ ਵਿੱਚ ਸ਼ਾਮਲ ਕੀਤੇ ਜਾਣ ਮਗਰੋਂ ਮੁਲਜ਼ਮਾਂ ਨੇ ਬਚਾਅ ਲਈ ਡੀਐੱਸਪੀ ਪਟਿਆਲਾ ਕੋਲ ਇਨਕੁਆਰੀ ਲਗਵਾ ਲਈ ਸੀ ਜੋ ਅਜੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਮਗਰੋਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।