ਪੱਤਰ ਪ੍ਰੇਰਕ
ਸਮਾਣਾ, 5 ਅਕਤੂਬਰ
ਸੋਮਵਾਰ ਦੁਪਹਿਰ ਬਾਅਦ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਜਾਣ ਦੇ ਦੋਸ਼ ਵਿੱਚ ਸਿਟੀ ਪੁਲੀਸ ਨੇ ਲੰਗੜੋਈ ਪਿੰਡ ਨਿਵਾਸੀ ਹਰਪ੍ਰੀਤ ਸਿੰਘ ਤੇ ਰਾਜਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਤੇਜਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਸੁਰਿੰਦਰ ਕੌਰ ਪਤਨੀ ਬਲਵੀਰ ਸਿੰਘ ਨਿਵਾਸੀ ਵੜੈਚ ਕਲੋਨੀ ਸਮਾਣਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਜਦੋਂ ਉਹ ਗੁਰਦੁਆਰਾ ਨਾਮਦੇਵ ਨੇੜੇ ਗਲੀ ਵਿੱਚ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਪਿੱਛੇ ਤੋਂ ਆ ਰਹੇ ਨੌਜਵਾਨ ਹਰਪ੍ਰੀਤ ਸਿੰਘ ਨੇ ਬਾਈਕ ਤੋਂ ਉੱਤਰ ਕੇ ਕੰਨਾਂ ਵਿੱਚ ਪਾਈਆਂ 30 ਹਜ਼ਾਰ ਰੁਪਏ ਕੀਮਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਆਪਣੇ ਮੋਟਰਸਾਈਕਲ ਸਵਾਰ ਸਾਥੀ ਦੇ ਨਾਲ ਬੈਠ ਕੇ ਫ਼ਰਾਰ ਹੋ ਗਿਆ।
ਸੀਸੀਟੀਵੀ ਫੁਟੇਜ ਤੋਂ ਦੋਸ਼ੀ ਦੀ ਸ਼ਨਾਖਤ ਕਰ ਕੇ ਸਿਟੀ ਪੁਲੀਸ ਨੇ ਦੋਵਾਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਪਹਿਲਾਂ ਵੀ ਕਈ ਹੋਰ ਮਾਮਲਿਆਂ ਵਿੱਚ ਸ਼ਾਮਲ ਸਨ।