ਘਨੌਰ (ਪੱਤਰ ਪੇ੍ਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਾਘਾ ਪੁਰਾਣਾ ਵਿਖੇ ਕੀਤੇ ਜਾ ਰਹੇ ਕਿਸਾਨ ਮਹਾਂ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਹਲਕਾ ਘਨੌਰ ਦੇ ਆਪ ਆਗੂਆਂ ਕੌਮਾਂਤਰੀ ਕਬੱਡੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਖੁਸ਼ਦੀਪ ਸਿੰਘ ਟਿੰਕੂ ਘਨੌਰ ਅਤੇ ਨੈਬ ਸਿੰਘ ਕਪੂਰੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਦਾ ਕਾਫਲਾ ਅੱਧਾ ਦਰਜਨ ਤੋਂ ਵੱਧ ਵਾਹਨਾਂ ਵਿੱਚ ਸਵਾਰ ਹੋ ਕੇ ਸ਼ੰਭੂ ਅੱਡੇ ਤੋਂ ਬਾਘਾ ਪੁਰਾਣਾ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਤੇਜਿੰਦਰ ਸਿੰਘ, ਅਮਰ ਸਿੰਘ, ਅਮਰਜੀਤ ਸਿੰਘ ਮੰਡੌਲੀ, ਕੁਲਵਿੰਦਰ ਸਿੰਘ ਕਿੰਦਾ ਸੰਧਾਰਸੀ ਸਮੇਤ ਹੋਰਨਾਂ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਬਣਾ ਕੇ ਪੰਜਾਬ ਸਮੇਤ ਸਮੁੱਚੇ ਦੇਸ਼ ਦੀ ਕਿਸਾਨੀ ਅਤੇ ਮੰਡੀਕਰਨ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਛੇ ਮਹੀਨੇ ਤੋਂ ਕਿਸਾਨ ਮਜ਼ਦੂਰ ਅਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਤ ਲੋਕ ਅੰਦੋਲਨ ਕਰ ਰਹੇ ਹਨ। ਪ੍ਰੰਤੂ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ। ਇਸ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਕੇ ਹੋਰ ਤੇਜ਼ ਕਰਨ ਲਈ ਅੱਜ ਦਾ ਬਾਘਾ ਪੁਰਾਣਾ ਕਿਸਾਨ ਮਹਾਂ ਸੰਮੇਲਨ ਅਹਿਮ ਭੂਮਿਕਾ ਨਿਭਾਏਗਾ।