ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਮਾਰਚ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਗੋਬਿੰਦਪੁਰਾ ’ਚ ਬੱਸ ਅੱਡੇ ਨੇੜੇ ਲੰਘੀ ਰਾਤ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਇਕ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸ਼ੁਤਰਾਣਾ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਕਾਰ ਸਵਾਰ ਹਰਿਆਣਾ ਦੇ ਕੈਥਲ ਨੇੜਲੇ ਪਿੰਡ ਤੋਂ ਬਰਾਤ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ ਕਿ ਜਿਉਂ ਹੀ ਉਹ ਪਿੰਡ ਪੈਂਦ ਦੇ ਬੱਸ ਅੱਡੇ ਨੇੜੇ ਪਹੁੰਚੇ ਤਾਂ ਅੱਗੇ ਜਾ ਰਹੇ ਟਰੱਕ ਚਾਲਕ ਨੇ ਇਕਦਮ ਸੜਕ ਦੇ ਵਿਚਕਾਰ ਟਰੱਕ ਦੀ ਬ੍ਰੇਕ ਲਗਾ ਦਿੱਤੀ ਜਿਸ ਕਰਕੇ ਪਿੱਛੇ ਤੋਂ ਆ ਰਹੀ ਸਵਿੱਫਟ ਕਾਰ ਸਿੱਧੀ ਟਰੱਕ ਨਾਲ ਟਕਰਾ ਗਈ।
ਸੜਕ ਹਾਦਸੇ ਵਿੱਚ ਕਾਰ ਸਵਾਰ ਸਾਰੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤਰੁੰਤ ਸਰਕਾਰੀ ਹਸਪਤਾਲ ਪਾਤੜਾਂ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਾਰ ਚਾਲਕ ਜਸਪਾਲ ਸਿੰਘ ਵਾਸੀ ਖੇੜੀ ਨਾਗਾ ਥਾਣਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂਕਿ ਹੈਪੀ ਪੁੱਤਰ ਬਬਲੀ ਵਾਸੀ ਨਮੋਲ, ਕ੍ਰਿਸ਼ਨ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਛਾਜਲੀ, ਹਰਮਨ ਸਿੰਘ ਪੁੱਤਰ ਮਨੀ ਸਿੰਘ ਵਾਸੀ ਹਰੀਗੜ੍ਹ ਜ਼ਿਲ੍ਹਾ ਮਾਨਸਾ ਅਤੇ ਗੁਰਪਿਆਰ ਸਿੰਘ ਵਾਸੀ ਦਰਬਾਰਾ ਸਿੰਘ ਪਿੰਡ ਛਾਜਲੀ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਡਾਕਟਰਾਂ ਨੇ ਹੈਪੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪੁਲੀਸ ਨੇ ਮੇਲਾ ਸਿੰਘ ਵਾਸੀ ਖੇੜੀ ਨਾਗਾ ਦੇ ਬਿਆਨਾਂ ਦੇ ਆਧਾਰ ਉਤੇ ਟਰੱਕ ਡਰਾਈਵਰ ਨਰੇਸ਼ ਕੁਮਾਰ ਵਾਸੀ ਸ਼ਾਤਰ ਥਾਣਾ ਉਚਾਣਾ ਜ਼ਿਲ੍ਹਾ ਜੀਂਦ (ਹਰਿਆਣਾ) ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਟਰਾਲੇ ਤੇ ਕਾਰ ਦੀ ਟੱਕਰ ਵਿੱਚ ਨੌਜਵਾਨ ਦੀ ਮੌਤ
ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਸਮਾਣਾ-ਪਟਿਆਲਾ ਰੋਡ ’ਤੇ ਸੋਮਵਾਰ ਦੇਰ ਸ਼ਾਮ ਟੌਲ ਪਲਾਜਾ ਨੇੜੇ ਮਾਲ ਦੇ ਭਰੇ ਟਰਾਲੇ ਤੇ ਕਾਰ ਦੀ ਟੱਕਰ ਵਿੱਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖ਼ਲ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਦੀਪ ਸਿੰਘ (29) ਦੇ ਪਿਤਾ ਦਲਜੀਤ ਸਿੰਘ ਨਿਵਾਸੀ ਪਿੰਡ ਭਰਾਜ (ਸੰਗਰੂਰ) ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਨਦੀਪ ਸਿੰਘ ਆਪਣੇ ਦੋਸਤ ਸੰਦੀਪ ਸਿੰਘ ਵਾਸੀ ਪਿੰਡ ਸ਼ਾਹਪੁਰ (ਸੰਗਰੂਰ) ਨਾਲ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਤੋਂ ਸਮਾਣਾ ਵੱਲ ਆ ਰਹੇ ਸਨ ਪਰ ਜਦੋਂ ਉਹ ਟੌਲ ਪਲਾਜ਼ਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਟਰਾਲੇ ਸਮੇਤ ਫਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।