ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਸਮਾਣਾ ਨੇੜੇ ਸਥਿਤ ਗੁਰਦੁਆਰਾ ਗੜ੍ਹੀ ਸਾਹਿਬ ਕੋਲ ਸ਼ਨਿੱਚਰਵਾਰ ਅਤੇ ਐਤਵਾਰ ਦੀ ਰਾਤ ਨੂੰ ਇੱਕ ਵੈਗਨਰ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਦੋ ਜਣੇ ਸਵਾਰ ਸਨ ਪਰ ਉਹ ਦੋਵੇਂ ਖੁਦ ਹੀ ਸਹੀ ਸਲਾਮਤ ਬਾਹਰ ਨਿਕਲ ਆਏ ਪਰ ਉਨ੍ਹਾਂ ਦੀ ਕਾਰ ਕਾਫ਼ੀ ਨੁਕਸਾਨੀ ਗਈ। ਇਹ ਕਾਰ ਸ਼ੰਕਰ ਭਾਰਦਵਾਜ ਦੀ ਗੋਤਾਖੋਰ ਟੀਮ ਨੇ ਐਤਵਾਰ ਨੂੰ ਬਾਹਰ ਕੱਢੀ। ਅਸਲ ’ਚ ਇਹ ਕਾਰ ਇੱਕ ਮੋਟਰਸਾਈਕਲ ਨਾਲ਼ ਟਕਰਾਉਣ ਮਗਰੋਂ ਭਾਖੜਾ ’ਚ ਡਿੱਗੀ। ਇਸ ਦੌਰਾਨ ਮੋਟਰਸਾਈਕਲ ਤਾਂ ਭਾਵੇਂ ਬਾਹਰ ਹੀ ਸਾਈਡ ’ਤੇ ਡਿੱਗ ਗਿਆ ਪਰ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ। ਹਨੇਰਾ ਹੋਣ ਦੇ ਬਾਵਜੂਦ ਕਾਰ ’ਚ ਸਵਾਰ ਦੋਵੇਂ ਜਣੇ ਖੁਦ ਹੀ ਨਹਿਰ ਵਿੱਚੋਂ ਬਾਹਰ ਨਿਕਲ ਆਏ ਪਰ ਕਾਰ ਗੋਤਾਖੋਰਾਂ ਨੇ ਅੱਜ ਬਾਹਰ ਕੱਢੀ। ਗੋਤਾਖੋਰ ਟੀਮ ਦੇ ਮੁਖੀ ਸ਼ੰਕਰ ਭਾਰਦਵਾਜ ਦਾ ਕਹਿਣਾ ਸੀ ਕਿ ਕਾਰ ਸਵਾਰ ਦੋਵੇਂ ਜਣੇ ਸਮਾਣਾ ਦੇ ਰਹਿਣ ਵਾਲ਼ੇ ਹਨ। ਹਾਦਸੇ ਦੌਰਾਨ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਅੰਮ੍ਰਿਤਪਾਲ ਸਿੰਘ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।