‘ਸਾਢੇ ਚਾਰ ਸਾਲ ਕਾਂਗਰਸੀ ਕਿਉਂ ਚੁੱਪ ਰਹੇ’
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਅਕਤੂਬਰ
ਕੈਪਟਨ ਅਮਰਿੰਦਰ ਸਿੰਘ ਦਾ ਚਾਰ ਸਾਲਾਂ ਦਾ ਸੁਸਤ ਕਾਰਜਕਾਲ ਅਤੇ ਹੁਣ ਭਾਜਪਾ ਦੇ ਹੱਕ ਵਿੱਚ ਬਿਆਨ ਦਿੰਦਿਆਂ ਭਾਜਪਾ ਨਾਲ ਗੱਠਜੋੜ ਕਰਨ ਤੱਕ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਪੈਤੜਿਆਂ ਨੇ ਸਾਫ ਕਰ ਦਿੱਤਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਕੈਪਟਨ ਸਰਕਾਰ ਕਾਂਗਰਸ ਨਹੀਂ ਬਲਕਿ ਭਾਜਪਾ ਚਲਾ ਰਹੀ ਸੀ। ਇਹ ਦੋਸ਼ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਉਪਰੰਤ ਲਗਾਏ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ, ਬੇਅਦਬੀ, ਮਹਿੰਗਾਈ ਅਤੇ ਸੂਬੇ ਦੇ ਅਧਿਕਾਰਾਂ ਤੇ ਲਗਾਤਾਰ ਭਾਜਪਾ ਦੀ ਦਖਲਅੰਦਾਜ਼ੀ ਤੇ ਭਾਜਪਾ ਅਤੇ ਅਕਾਲੀ ਦਲ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੈਪਟਨ ਨਹੀਂ ਭਾਜਪਾ ਚਲਾ ਰਹੀ ਸੀ, ਜਿਸ ਨਾਲ ਭਾਜਪਾ ਨੇ ਬਾਦਲਾਂ ਨੂੰ ਵੀ ਸੁਰੱਖਿਅਤ ਰੱਖਿਆ ਅਤੇ ਖੇਤੀ ਕਾਨੂੰਨ ਪਾਸ ਕਰਨ ਦੀ ਹਿੰਮਤ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੱਧੂ ਵੀ ਟਵੀਟ ਕਰ ਰਹੇ ਹਨ ਕਿ ਪੰਜਾਬ ਵਿੱਚ ਕਾਲੇ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਹਨ ਅਤੇ ਰਾਜਾ ਵੜਿੰਗ ਸਣੇ ਬਹੁਤ ਸਾਰੇ ਕਾਂਗਰਸੀ ਵੀ ਇਹ ਗੱਲ ਮੰਨ ਰਹੇ ਹਨ ਕਿ ਕੈਪਟਨ ਰਾਜ ਕਾਂਗਰਸ ਦਾ ਰਾਜ ਨਹੀਂ ਸੀ ਬਲਕਿ ਅਕਾਲੀ-ਭਾਜਪਾ ਦਾ ਰਾਜ ਸੀ ਅਤੇ ਕੈਪਟਨ ਸਭ ਕੁਝ ਸੈਟਿੰਗਾਂ ਤਹਿਤ ਕਰ ਰਹੇ ਸਨ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਸਭ ਕੁਝ ਜਾਣਦਿਆਂ ਵੀ ਸਾਰੇ ਕਾਂਗਰਸੀ ਸਾਢੇ ਚਾਰ ਸਾਲ ਚੁੱਪ ਰਹੇ ਅਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਘੁਟਾਲੇ ਕਰਦੇ ਰਹੇ ਜਿਸ ਕਾਰਨ ਪੰਜਾਬ ਆਰਥਿਕ ਮੰਦੀ ਦੇ ਗਹਿਰੇ ਸੰਕਟ ਵੱਲ ਵਧਦਾ ਚਲਾ ਗਿਆ। ਉਨਾਂ ਕਿਹਾ ਕਿ ਜਿੰਨਾ ਨੁਕਸਾਨ ਅਤੇ ਲੁੱਟ ਅਕਾਲੀ ਦਲ ਨੇ ਦਸ ਸਾਲਾਂ ਵਿੱਚ ਕੀਤੀ ਸੀ ਉਸ ਤੋਂ ਵੀ ਜ਼ਿਆਦਾ ਨੁਕਸਾਨ ਅਤੇ ਲੁੱਟ ਕਾਂਗਰਸੀ ਲੀਡਰਾਂ ਨੇ ਸਾਢੇ ਚਾਰ ਸਾਲ ਦੀ ਪੰਜਾਬ ਸਰਕਾਰ ਦੌਰਾਨ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਕਿਸੇ ਵੀ ਹਾਲ ਵਿੱਚ ਸੱਤਾ ਵਿੱਚ ਦੇਖਣਾ ਨਹੀਂ ਚਾਹੁੰਦੇ।
ਆਪ ਆਗੂ ਨਰਿੰਦਰ ਕੌਰ ਭਰਾਜ ਦੀ ਫਾਈਲ ਫੋਟੋ।