ਸਰਬਜੀਤ ਸਿੰਘ ਭੰਗੂ
ਸਨੌਰ, 11 ਫਰਵਰੀ
ਹਲਕਾ ਸਨੌਰ ਤੋਂ ਪੀਐੱਲਸੀ ਉਮੀਦਵਾਰ ਬਿਕਰਮ ਚਹਿਲ ਦੇ ਹੱਕ ਵਿੱਚ ਕੱਲ੍ਹ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਖੇਤਰ ਨਾਲ ਉਨ੍ਹਾਂ ਦੇ ਪਰਿਵਾਰ ਦੀ ਗੂੜ੍ਹੀ ਅਤੇ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਦਾ ਨਾਮ ਪਹਿਲਾਂ ਜਦੋਂ ਡਕਾਲਾ ਹੁੰਦਾ ਸੀ, ਤਾਂ 1967 ’ਚ ਉਨ੍ਹਾਂ ਦੇ ਪਿਤਾ ਮਾਹਾਰਾਜਾ ਯਾਦਵਿੰਦਰ ਸਿੰਘ ਵੀ ਵਿਧਾਇਕ ਰਹੇ ਹਨ। ਫੇਰ ਉਨ੍ਹਾਂ ਦਾ ਪਰਿਵਾਰ ਇਸ ਖੇਤਰ ਵਿੱਚੋਂ ਨੌਂ ਵਾਰ ਲੋਕ ਸਭਾ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਪੀਐੱਲਸੀ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਬਿਕਰਮ ਚਹਿਲ ਨੂੰ ਭਾਰੀ ਬਹੁਮਤ ਨਾਲ਼ ਜਿਤਾ ਕੇ ਵਿਧਾਨ ਸਭਾ ’ਚ ਭੇਜਣ ਦਾ ਸੱਦਾ ਦਿੱਤਾ। ਉਨ੍ਹਾਂ ਹੋਰ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਫੇਰ ਮੌਕਾ ਮਿਲਿਆ, ਤਾਂ ਉਹ ਸਨੌਰ ਹਲਕੇ ਦੀ ਨੁਹਾਰ ਬਦਲ ਕੇ ਰੱਖ ਦੇਣਗੇ। ਇਸ ਮੌਕੇ ਭਰਤਇੰਦਰ ਸਿੰਘ ਚਾਹਲ, ਭਾਜਪਾ ਨੇਤਾ ਭੁਪੇਸ਼ ਅਗਰਵਾਲ, ਅਨਿਲ ਅਗਰਵਾਲ, ਅਕਾਲੀ ਦਲ ਸੰਯੁਕਤ ਦੇ ਆਗੂ ਤੇਜਿੰਦਰਪਾਲ ਸੰਧੂ ਸਮੇਤ ਹੋਰਨਾਂ ਨੇ ਵੀ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।