ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜਨਵਰੀ
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਪਟਿਆਲਾ ਪੁੱਜਣ ‘ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸਵਾਗਤ ਕੀਤਾ। ਉਹ ਜਦੋਂ ਚੰਡੀਗੜ੍ਹ ਤੋਂ ਆ ਰਹੇ ਸਨ ਤਾਂ ਪਹਿਲਾਂ ਕੌਲੀ ਵਿਖੇ ‘ਪੰਜਾਬ ਲੋਕ ਕਾਂਗਰਸ’ ਦੇ ਨੌਜਵਾਨ ਆਗੂ ਰਣਬੀਰ ਸਿੰਘ ਸੰਧੂ (ਨਰੜੂ) ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਉਨ੍ਹਾਂ ਨੂੰ ਰੋਕ ਕੇ ਹਾਰ ਪਾਏ। ਇਸ ਮਗਰੋਂ ਪਟਿਆਲਾ ਦੇ ਅਰਬਨ ਅਸਟੇਟ ਫੇਸ 3 ਵਿਖੇ ਵੀ ਪੰਜਾਬ ਲੋਕ ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਕੇਕੇ ਮਲਹੋਤਰਾ ਦੀ ਅਗਵਾਈ ਹੇਠਾਂ ਵੀ ਵੱਡੀ ਗਿਣਤੀ ਵਰਕਰਾਂ ਨੇ ਕੈਪਟਨ ਦਾ ਸਵਾਗਤ ਕੀਤਾ। ਇਸ ਮਗਰੋਂ ਉਹ ਬਠਿੰਡਾ ਲਈ ਰਵਾਨਾ ਹੋ ਗਏ।