ਖੇਤਰੀ ਪ੍ਰਤੀਨਿਧ
ਪਟਿਆਲਾ, 1 ਫਰਵਰੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਵਿੱਚ 5 ਸਾਲਾਂ ਦੌਰਾਨ ਕਰੀਬ 17.75 ਕਰੋੜ ਦਾ ਵਾਧਾ ਹੋਇਆ ਹੈ। ਕਿਉਂਕਿ 2017 ਦੀਆਂ ਚੋਣਾਂ ਮੌਕੇ ਦਿੱਤੇ ਗਏ ਹਲਫ਼ਨਾਮੇ ਮੁਤਾਬਿਕ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਕਰੀਬ 44.55 ਕਰੋੜ ਸੀ। ਹਲਕਾ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਭਰੇ ਗਏ ਨਾਮਜ਼ਦਗੀ ਪੱਤਰ ਦੇ ਨਾਲ ਨੱਥੀ ਕੀਤੇ ਗਏ ਹਲਫਨਾਮੇ ਮੁਤਾਬਕ ਵਰਤਮਾਨ ਸਮੇਂ ਉਨ੍ਹਾਂ ਕੋਲ਼ ਮੌਜੂਦ ਜਾਇਦਾਦ ਦਾ ਅੰਕੜਾ 62 ਕਰੋੜ 30 ਲੱਖ 87 ਹਜ਼ਾਰ 817 ਹੈ। ਉਂਜ ਸਿਸਵਾਂ ਫਾਰਮ ਹਾਊਸ ਤਿਆਰ ਕਰਨ ਕਰਕੇ ਐਤਕੀ ਉਹ 20 ਕਰੋੜ ਦੇ ਕਰਜ਼ਈ ਵੀ ਹੋ ਗਏ ਹਨ। ਨਕਦੀ ਦੇ ਰੂਪ ’ਚ ਉਨ੍ਹਾਂ ਕੋਲ਼ ਸਿਰਫ਼ 50 ਹਜ਼ਾਰ ਹਨ। 5 ਬੈਂਕ ਖਾਤਿਆਂ ਵਿੱਚ ਕਰੀਬ 55.22 ਲੱਖ ਹਨ। 65.44 ਲੱਖ ਦੇ ਬਾਂਡ, ਸ਼ੇਅਰ ਅਤੇ ਮਿਊਚਲ ਫੰਡ ਵੀ ਉਨ੍ਹਾਂ ਦੇ ਨਾਂ ’ਤੇ ਹਨ। 1.62 ਕਰੋੜ ਦੇ ਗਹਿਣੇ ਹਨ। 6.25 ਕਰੋੜ ਦੀ ਚੱਲ ਅਤੇ 56 ਕਰੋੜ ਦੀ ਅਚੱਲ ਜਾਇਦਾਦ ਹੈ, ਜਿਸ ਵਿੱਚ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ।
ਕੈਪਟਨ ਨਾਲੋਂ ਪਤਨੀ ਜ਼ਿਆਦਾ ਅਮੀਰ
ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ ਅਮੀਰ ਹੈ ਕਿਉਂਕਿ ਜਿਥੇ ਕੈਪਟਨ ਕੋਲ 50 ਹਜ਼ਾਰ ਰੁਪਏ ਹਨ, ਉੱਥੇ ਹੀ ਪ੍ਰਨੀਤ ਕੌਰ ਕੋਲ ਇਕ ਲੱਖ ਦੀ ਨਕਦੀ ਹੈ। ਕੈਪਟਨ ਦੇ 5 ਬੈਂਕ ਖਾਤਿਆਂ ’ਚ 55 ਲੱਖ ਅਤੇ ਪ੍ਰਨੀਤ ਕੌਰ ਦੇ 6 ਬੈਂਕ ਖਾਤਿਆਂ ’ਚ 2.15 ਕਰੋੜ ਹਨ। ਕੈਪਟਨ ਕੋਲ਼ ਕੋਈ ਵਾਹਨ ਨਹੀਂ ਹੈ, ਜਦਕਿ ਪ੍ਰਨੀਤ ਕੌਰ ਕੋਲ ਇਕ ਇਨੋਵਾ ਅਤੇ ਇਕ ਇਨੋਵਾ ਕ੍ਰਿਸਟਾ ਗੱਡੀ ਹੈ (ਕੀਮਤ 26 ਲੱਖ) ਹੈ। ਹਾਲਾਂਕਿ ਗਹਿਣੇ ਰੱਖਣ ਦੇ ਮਾਮਲੇ ’ਚ ਰਾਜਾ ਸਾਹਿਬ ਆਪਣੀ ਰਾਣੀ ਤੋਂ ਅਮੀਰ ਹਨ। ਪ੍ਰਨੀਤ ਕੌਰ ਕੋਲ 37.75 ਲੱਖ ਦੇ , ਜਦਕਿ ਕੈਪਟਨ ਕੋਲ 1.62 ਕਰੋੜ ਦੇ ਗਹਿਣੇ ਹਨ।